ਇੰਡੀਅਨ ਵੈੱਲਜ਼: ਯਾਨਿਕ ਸਿਨਰ ਨੇ ਦੂਜੇ ਸੈੱਟ ਦੇ ਟਾਈਬ੍ਰੇਕਰ ਵਿੱਚ ਪਛੜਨ ਤੋਂ ਬਾਅਦ ਲਗਾਤਾਰ ਸੱਤ ਅੰਕ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ ਡੇਨੀਅਲ ਮੈਦਵੇਦੇਵ ਨੂੰ 7-6, 7-6 ਨਾਲ ਹਰਾ ਕੇ ਪਹਿਲੀ ਵਾਰ ਇੰਡੀਅਨ ਵੈੱਲਜ਼ ਦਾ ਖ਼ਿਤਾਬ ਜਿੱਤ ਲਿਆ। ਖਾਸ ਗੱਲ ਇਹ ਰਹੀ ਕਿ ਸਿਨਰ ਨੇ ਪੂਰੇ ਟੂਰਨਾਮੈਂਟ ਵਿੱਚ ਇੱਕ ਵੀ ਸੈੱਟ ਨਹੀਂ ਹਾਰਿਆ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਸਿਨਰ ਨੇ ਪਿਛਲੇ ਦਸ ਮੁਕਾਬਲਿਆਂ ਵਿੱਚ ਮੈਦਵੇਦੇਵ ਨੂੰ ਨੌਵੀਂ ਵਾਰ ਹਰਾਇਆ ਹੈ। ਮੈਦਵੇਦੇਵ ਨੇ ਸੈਮੀ ਫਾਈਨਲ ਵਿੱਚ ਚੋਟੀ ਦੀ ਰੈਂਕਿੰਗ ਵਾਲੇ ਕਾਰਲੋਸ ਅਲਕਰਾਜ਼ ਨੂੰ ਮਾਤ ਦਿੱਤੀ ਸੀ।
ਮਹਿਲਾ ਵਰਗ ਵਿੱਚ, ਦੁਨੀਆ ਦੀ ਨੰਬਰ ਇੱਕ ਖਿਡਾਰਨ ਐਰੀਨਾ ਸਬਾਲੈਂਕਾ ਨੇ ਇਲੀਨਾ ਰਿਬਾਕੀਨਾ ਨੂੰ 3-6, 6-3, 7-6 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ 2023 ਅਤੇ 2025 ਵਿੱਚ ਉਪ-ਜੇਤੂ ਰਹਿਣ ਵਾਲੀ ਸਬਾਲੈਂਕਾ ਦਾ ਇਹ ਪਹਿਲਾ ਇੰਡੀਅਨ ਵੈੱਲਜ਼ ਖ਼ਿਤਾਬ ਹੈ।

