ਸਿਲੰਡਰਾਂ ਦੀ ਕਿੱਲਤ ਨੇ ਵਿਆਹ ਦੇ ਚਾਅ ਫਿੱਕੇ ਪਾਏ

ਸਿਲੰਡਰਾਂ ਦੀ ਕਿੱਲਤ ਨੇ ਵਿਆਹ ਦੇ ਚਾਅ ਫਿੱਕੇ ਪਾਏ

ਪਟਿਆਲਾ: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਨਾਲ ਨਾ ਸਿਰਫ਼ ਕੁਕਿੰਗ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਬਲਕਿ ਇਸ ਦਾ ਪਰਛਾਵਾਂ ਖੇਤਰ ਵਿੱਚ ਸਿਖਰ ’ਤੇ ਪੁੱਜੇ ਵਿਆਹਾਂ ਦੇ ਸੀਜ਼ਨ ’ਤੇ ਵੀ ਪੈਣ ਲੱਗਾ ਹੈ। ਵਿਆਹ ਦੀਆਂ ਤਿਆਰੀਆਂ ’ਚ ਲੱਗੇ ਪਰਿਵਾਰਾਂ ਨੂੰ ਹੁਣ ਸ਼ਾਪਿੰਗ, ਮਹਿਮਾਨਾਂ ਨੂੰ ਸੱਦਾ ਪੱਤਰ ਤੇ ਘਰਾਂ ਦੀ ਸਜਾਵਟ ਤੋਂ ਇਲਾਵਾ ਕੁਕਿੰਗ ਗੈਸ ਸਿਲੰਡਰਾਂ ਦੇ ਪ੍ਰਬੰਧ ਦੀ ਫ਼ਿਕਰ ਵੀ ਸਤਾਉਣ ਲੱਗੀ ਹੈ। ਲੋਕ ਸਿਲੰਡਰਾਂ ਦੀ ਭਾਲ ਵਿੱਚ ਗੈਸ ਏਜੰਸੀਆਂ ਤੇ ਰਿਸ਼ਤੇਦਾਰਾਂ ਦੇ ਘਰਾਂ ਦੇ ਚੱਕਰ ਲਾਉਣ ਲਈ ਮਜਬੂਰ ਹਨ। ਸਰਕਾਰੀ ਹਦਾਇਤਾਂ ਮਗਰੋਂ ਵਪਾਰਕ ਐੱਲ ਪੀ ਜੀ ਸਿਲੰਡਰਾਂ ਦੀ ਸਪਲਾਈ ਸੋਮਵਾਰ ਰਾਤ ਤੋਂ ਹੀ ਬੰਦ ਹੈ।

ਇਸ ਮਹੀਨੇ ਪੂਰੇ ਪੰਜਾਬ ਵਿੱਚ 10,000 ਤੋਂ ਵੱਧ ਵਿਆਹ ਰੱਖੇ ਹੋਏ ਹਨ ਤੇ ਰਸੋਈ ਗੈਸ ਸਿਲੰਡਰਾਂ ਦੀ ਕਿੱਲਤ ਵਿਆਹ ਦੀ ਦਾਅਵਤ ਦਾ ਜ਼ਾਇਕਾ ਖਰਾਬ ਕਰ ਸਕਦੀ ਹੈ। ਪੰਜਾਬ ਮੈਰਿਜ ਪੈਲੇਸ ਤੇ ਰਿਜ਼ੌਰਟ ਐਸੋਸੀਏਸ਼ਨ ਦੇ ਸੁਖਦੇਵ ਸਿੰਘ ਸਿੱਧੂ ਨੇ ਕਿਹਾ, ‘‘ਸਾਨੂੰ ਐੱਲ ਪੀ ਜੀ ਸਿਲੰਡਰਾਂ ਦੀ ਕਿੱਲਤ ਬਾਰੇ ਅੱਜ ਸਵੇਰੇ ਹੀ ਪਤਾ ਲੱਗਾ। ਮੈਂ ਐਸੋਸੀਏਸ਼ਨ ਮੈਂਬਰਾਂ ਨਾਲ ਮੀਟਿੰਗ ਕਰ ਕੇ ਹਾਲਾਤ ਨਾਲ ਸਿੱਝਣ ਬਾਰੇ ਢੰਗ ਤਰੀਕੇ ਲੱਭਣ ਲਈ ਕਿਹਾ ਹੈ।’’ ਉਧਰ, ਵਿਆਹ ਸ਼ਾਦੀ ਵਾਲੇ ਘਰਾਂ ਨੂੰ ਸਿਲੰਡਰਾਂ ਦਾ ਜੁਗਾੜ ਕਰਨ ’ਚ ਮੁਸ਼ਕਲਾਂ ਆ ਰਹੀਆਂ ਹਨ। ਸਿਲੰਡਰਾਂ ਦੀ ਕਿੱਲਤ ਕਰ ਕੇ ਕਈ ਥਾਈਂ ਜਮ੍ਹਾਂਖੋਰੀ ਸ਼ੁਰੂ ਹੋ ਗਈ ਹੈ। ਹੋਟਲ ਅਤੇ ਰੈਸਟੋਰੈਂਟ ਸੰਚਾਲਕਾਂ ਨੇ ਵੀ ਫ਼ਿਕਰ ਜਤਾਇਆ ਹੈ। ਇਕੱਲੇ ਰਹਿੰਦੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਮਾਰ ਪਈ ਹੈ। ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਹੈ ਕਿ ਐੱਲ ਪੀ ਜੀ ਬੁਕਿੰਗ ਨੰਬਰ ਲਗਾਤਾਰ ਰੁੱਝੇ ਆ ਰਹੇ ਹਨ। ਏਜੰਸੀਆਂ ਵੱਲੋਂ ਸਰਵਰ ਕਥਿਤ ਕੰਮ ਨਾ ਕਰਨ ਦੇ ਹਵਾਲੇ ਨਾਲ ਬੁਕਿੰਗਾਂ ਨੂੰ ਰੋਕਿਆ ਜਾ ਰਿਹਾ ਹੈ। ਉਧਰ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਘਰੇਲੂ ਰਸੋਈ ਗੈਸ ਦੀ ਸਪਲਾਈ ਸਰਕਾਰ ਦੀ ਸਿਖਰਲੀ ਤਰਜੀਹ ਹੈ। ਜਮ੍ਹਾਂਖੋਰੀ ਰੋਕਣ ਲਈ ਸਰਕਾਰ ਨੇ ਘਰੇਲੂ ਸਿਲੰਡਰਾਂ ਲਈ 25 ਦਿਨ ਬੁਕਿੰਗ ਵਿੰਡੋ ਵਾਲਾ ਫਾਰਮੂਲਾ ਲਿਆਂਦਾ ਹੈ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੁਕਿੰਗ ਜਾਂ ਡਲਿਵਰੀ ਨਾਲ ਸਬੰਧਤ ਮੁਸ਼ਕਲਾਂ ਲਈ ਡੀ ਸੀ ਦਫ਼ਤਰ ਜਾਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਧਰ ਪੈਟਰੋਲੀਅਮ ਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ ਪੰਜਾਬ ਦੀ ਵੈੱਬਸਾਈਟ ’ਤੇ ਮੌਜੂਦ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਕੁਲ 95.2 ਲੱਖ ਐੱਲ ਪੀ ਜੀ ਕੁਨੈਕਸ਼ਨ ਹਨ ਜਦੋਂਕਿ ਡਿਸਟ੍ਰੀਬਿਊਟਰਾਂ ਦੀ ਗਿਣਤੀ 863 ਤੋਂ ਵੱਧ ਹੈ।

Share: