ਰੂਸ ਵੱਲੋਂ ਯੂਕਰੇਨ ’ਤੇ 480 ਡਰੋਨਾਂ ਨਾਲ ਹਮਲਾ

ਰੂਸ ਵੱਲੋਂ ਯੂਕਰੇਨ ’ਤੇ 480 ਡਰੋਨਾਂ ਨਾਲ ਹਮਲਾ

ਕੀਵ: ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੀ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ’ਚ ਰੂਸੀ ਮਿਜ਼ਾਈਲ ਦੇ ਹਮਲੇ ਕਾਰਨ ਘੱਟੋ-ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 10 ਫੱਟੜ ਹੋ ਗਏ। ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਦਾ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਨੇ ਪੂਰੀ ਰਾਤ 29 ਮਿਜ਼ਾਈਲਾਂ ਅਤੇ 480 ਡਰੋਨਾਂ ਨਾਲ ਯੂਕਰੇਨ ਉਤੇ ਹਮਲਾ ਕੀਤਾ ਹੈ।

ਇਨ੍ਹਾਂ ਹਮਲਿਆਂ ਵਿਚ ਕੀਵ ਨੇੜਲੇ ਪਾਵਰ ਪਲਾਂਟਾਂ ਅਤੇ ਹੋਰ ਕੇਂਦਰੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਪੂਰੇ ਮੁਲਕ ਵਿਚ ਘੱਟੋ-ਘੱਟ ਸੱਤ ਥਾਵਾਂ ਉਤੇ ਹਮਲੇ ਕੀਤੇ ਗਏ ਹਨ। ਵੇਰਵਿਆਂ ਮੁਤਾਬਕ, ਹਵਾਈ ਰੱਖਿਆ ਪ੍ਰਣਾਲੀਆਂ ਨੇ 19 ਮਿਜ਼ਾਈਲਾਂ ਤੇ 453 ਡਰੋਨ ਡੇਗ ਦਿੱਤੇ, ਜਦਕਿ 9 ਮਿਜ਼ਾਈਲਾਂ ਤੇ 26 ਡਰੋਨਾਂ ਨੇ 22 ਥਾਵਾਂ ’ਤੇ ਨੁਕਸਾਨ ਕੀਤਾ। ਹਮਲਿਆਂ ਵਿਚ ਰੇਲ ਢਾਂਚੇ ਦਾ ਵੀ ਨੁਕਸਾਨ ਹੋਇਆ ਹੈ, ਜਿਸ ਕਾਰਨ ਕਈ ਰੇਲ ਗੱਡੀਆਂ ਦਾ ਰੂਟ ਬਦਲਣਾ ਪਿਆ। ਜ਼ੇਲੈਂਸਕੀ ਨੇ ਪੋਸਟ ਵਿਚ ਕਿਹਾ ਕਿ ਰੂਸ ਨੇ ਯੂਕਰੇਨ ਦੇ ਰਿਹਾਇਸ਼ੀ ਤੇ ਹੋਰ ਮਹੱਤਵਪੂਰਨ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਛੱਡਿਆ ਨਹੀਂ ਹੈ। ਇਸ ਲਈ ਕੌਮਾਂਤਰੀ ਮਦਦ ਜਾਰੀ ਰਹਿਣੀ ਚਾਹੀਦੀ ਹੈ। ਯੂਕਰੇਨ ਯੂਰਪੀ ਯੂਨੀਅਨ ਤੋਂ ਆਸ ਰੱਖਦਾ ਹੈ ਕਿ ਉਹ ਸਾਡੇ ਲੋਕਾਂ ਦੀ ਸਲਾਮਤੀ ਯਕੀਨੀ ਬਣਾਉਣ ਲਈ ਕੀਵ ਨਾਲ ਮਿਲ ਕੇ ਕੰਮ ਕਰੇ। ਚਾਰ ਸਾਲ ਪਹਿਲਾਂ ਛੇੜੀ ਜੰਗ ਦੌਰਾਨ ਰੂਸ ਨੇ ਇਰਾਨ ਦੇ ਬਣੇ ਹਜ਼ਾਰਾਂ ‘ਸ਼ਾਹਿਦ’ ਡਰੋਨ ਯੂਕਰੇਨ ’ਤੇ ਹਮਲਾ ਕਰਨ ਲਈ ਵਰਤੇ ਹਨ। ਹੁਣ ਇਰਾਨ ਵੀ ਅਮਰੀਕਾ-ਇਜ਼ਰਾਈਲ ਦੇ ਹਮਲੇ ਦਾ ਜਵਾਬ ਦੇਣ ਲਈ ਮੱਧ ਪੂਰਬ ਮੁਲਕਾਂ ’ਚ ਇਹੀ ਡਰੋਨ ਲਾਂਚ ਕਰ ਰਿਹਾ ਹੈ।

Share: