ਸੰਵਿਧਾਨ ਬਚਾਉਣ ਖ਼ਾਤਰ ਬਿਰਲਾ ਖ਼ਿਲਾਫ਼ ਮਤਾ ਲਿਆਂਦਾ: ਗੋਗੋਈ

ਸੰਵਿਧਾਨ ਬਚਾਉਣ ਖ਼ਾਤਰ ਬਿਰਲਾ ਖ਼ਿਲਾਫ਼ ਮਤਾ ਲਿਆਂਦਾ: ਗੋਗੋਈ

ਨਵੀਂ ਦਿੱਲੀ: ਕਾਂਗਰਸੀ ਸੰਸਦ ਮੈਂਬਰ ਗੌਰਵ ਗੋਗੋਈ ਨੇ ਅੱਜ ਲੋਕ ਸਭਾ ਵਿੱਚ ਸਪੀਕਰ ਓਮ ਬਿਰਲਾ ’ਤੇ ਪੱਖਪਾਤੀ ਰਵੱਈਆ ਅਖ਼ਤਿਆਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਿਰਲਾ ਨੇ ਵਿਰੋਧੀ ਧਿਰਾਂ ਦੀਆਂ ਮਹਿਲਾ ਸੰਸਦ ਮੈਂਬਰਾਂ ’ਤੇ ਬੇਬੁਨਿਆਦ ਦੋਸ਼ ਲਾਏ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਸਦਨ ਵਿੱਚ ਅਹਿਮ ਮਸਲੇ ਰੱਖਣ ਤੋਂ ਰੋਕਿਆ।

ਬਿਰਲਾ ਖ਼ਿਲਾਫ਼ ਪੇਸ਼ ਬੇਭਰੋਸਗੀ ਮਤੇ ਉੱਤੇ ਬਹਿਸ ਸ਼ੁਰੂ ਕਰਦਿਆਂ ਗੋਗੋਈ ਨੇ ਕਿਹਾ ਕਿ ‘ਸੰਵਿਧਾਨ ਨੂੰ ਬਚਾਉਣ’ ਅਤੇ ‘ਸਦਨ ਦਾ ਗੌਰਵ’ ਬਣਾ ਕੇ ਰੱਖਣ ਦੇ ਮਕਸਦ ਨਾਲ ਵਿਰੋਧੀ ਧਿਰ ਨੂੰ ਬਿਰਲਾ ਖ਼ਿਲਾਫ਼ ਮਤਾ ਲਿਆਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ 2 ਫਰਵਰੀ ਜਿਸ ਦਿਨ ਗਾਂਧੀ ਨੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬੋਲਣਾ ਸੀ, ਉਸ ਦਿਨ ਸਦਨ ਦੀ ਕਾਰਵਾਈ ਚਲਾਉਣ ਦੇ ਸਪੀਕਰ ਦੇ ਤਰੀਕੇ ’ਤੇ ਸਵਾਲ ਉਠਾਏ। ਗੋੋਗੋਈ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਟਿੱਪਣੀ ਦਾ ਹਵਾਲਾ ਦਿੱਤਾ ਕਿ ਸਪੀਕਰ ਸਦਨ ਦੀ ਸ਼ਾਨ ਨੂੰ ਦਰਸਾਉਂਦਾ ਹੈ ਅਤੇ ਦੇਸ਼ ਦੀ ਆਜ਼ਾਦੀ ਤੇ ਸੁਤੰਤਰਤਾ ਦਾ ਪ੍ਰਤੀਕ ਬਣ ਜਾਂਦਾ ਹੈ। ਉਨ੍ਹਾਂ ਕਿਹਾ, ‘‘ਪਰ ਹੁਣ ਬੋਲਣ ਦੀ ਆਜ਼ਾਦੀ ਕਿੱਥੇ ਹੈ?’’ ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਪੇਸ਼ ਧੰਨਵਾਦ ਮਤੇ ’ਤੇ ਸਦਨ ’ਚ ਬੋਲਣਾ ਸੀ, ਪਰ ਸਪੀਕਰ ਨੇ ਪੀ ਐੱਮ ਨੂੰ ਸਲਾਹ ਦਿੱਤੀ ਕਿ ਉਹ ਸਦਨ ’ਚ ਨਾ ਆਉਣ। ਸਪੀਕਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਪੁਖਤਾ ਜਾਣਕਾਰੀ ਸੀ ਕਿ ਕੁਝ ਮਹਿਲਾ ਸੰਸਦ ਮੈਂਬਰ ਮੋਦੀ ਦੀ ਕੁਰਸੀ ਨੂੰ ਘੇਰਨਗੀਆਂ ਤੇ ਅਣਕਿਆਸੇ ਹਾਲਾਤ ਬਣ ਸਕਦੇ ਹਨ।’’ ਇਸ ਤੋਂ ਪਹਿਲਾਂ ਕਾਂਗਰਸੀ ਸੰਸਦ ਮੈਂਬਰਾਂ ਨੇ ਜਗਦੰਬਿਕਾ ਪਾਲ ਵੱਲੋਂ ਸਦਨ ਦੀ ਕਾਰਵਾਈ ਦੀ ਪ੍ਰਧਾਨਗੀ ਕੀਤੇ ਜਾਣ ’ਤੇ ਸਵਾਲ ਉਠਾਏ ਅਤੇ ਪੁੱਛਿਆ ਕਿ ਇਹ ਕਿਸ ਨੇ ਤੈਅ ਕੀਤਾ ਕਿ ਸਪੀਕਰ ਨੂੰ ਹਟਾਉਣ ਦੇ ਮਤੇ ’ਤੇ ਕਾਰਵਾਈ ਦੀ ਪ੍ਰਧਾਨਗੀ ਕੌਣ ਕਰੇਗਾ।

ਨਹਿਰੂ ਨੂੰ ਦਿਨ ਰਾਤ ਭੰਡਣ ਵਾਲੇ ਅੱਜ ਉਨ੍ਹਾਂ ਦੀ ਤਾਰੀਫ਼ ਕਰ ਰਹੇ: ਪ੍ਰਿਯੰਕਾ

ਨਵੀਂ ਦਿੱਲੀ: ਕਾਂਗਰਸ ਐੱਮ ਪੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰੀ ਮੰਤਰੀ ਕਿਰਨ ਰਿਜਿਜੂ ’ਤੇ ਤਨਜ਼ ਕਸਦਿਆਂ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਦਿਨ ਰਾਤ ਨਿੰਦਣ ਵਾਲੇ ਅੱਜ ਉਨ੍ਹਾਂ ਦੀਆਂ ਟਿੱਪਣੀਆਂ ਦਾ ਹਵਾਲਾ ਦੇ ਰਹੇ ਹਨ। ਰਿਜਿਜੂ ਨੇ ਅੱਜ ਸਦਨ ਵਿਚ ਕਾਂਗਰਸ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਸਦਨ ਵਿੱਚ ਮੌਜੂਦ ਪ੍ਰਿਯੰਕਾ ਗਾਂਧੀ, ਜੋ ਮੁਸਕਰਾ ਰਹੇ ਹਨ, ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਜਾਵੇ ਤਾਂ ਪਾਰਟੀ ਦੀ ਕਾਰਗੁਜ਼ਾਰੀ ਹੋਰ ਬਿਹਤਰ ਹੋ ਸਕਦੀ ਹੈ। ਪ੍ਰਿਯੰਕਾ ਨੇ ਪਲਟਵਾਰ ਕਰਦਿਆਂ ਕਿਹਾ, ‘‘ਉਨ੍ਹਾਂ (ਰਿਜਿਜੂ) ਕਿਹਾ ਕਿ ਮੈਂ ਹੱਸ ਰਹੀ ਸੀ, ਮੈਂ ਸਾਫ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਹੱਸ ਰਹੀ ਸੀ ਕਿਉਂਕਿ ਜਿਸ ਨਹਿਰੂ ਜੀ ਨੂੰ ਉਹ ਦਿਨ ਰਾਤ ਭੰਡਦੇ ਸੀ, ਅੱਜ ਉਸੇ ਦਾ ਹਵਾਲਾ ਦੇ ਰਹੇ ਹਨ।’’

ਰਿਜਿਜੂ ਵੱਲੋਂ ਬਿਰਲਾ ਦਾ ਖੁੱਲ੍ਹ ਕੇ ਬਚਾਅ

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸਪੀਕਰ ਦਾ ਖੁੱਲ੍ਹ ਕੇ ਬਚਾਅ ਕੀਤਾ। ਮੰਤਰੀ ਨੇ ਕਿਹਾ ਕਿ ਬਿਰਲਾ ਹਮੇਸ਼ਾ ਨਿਰਪੱਖ ਰਹੇ ਹਨ ਤੇ ਉਨ੍ਹਾਂ ਵਿਰੋਧੀ ਧਿਰਾਂ ਨੂੰ ਸਦਨ ’ਚ ਆਪਣੀ ਗੱਲ ਰੱਖਣ ਲਈ ਹਮੇਸ਼ਾ ਵੱਧ ਮੌਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹੁਣ ਸਪੀਕਰ ਦੇ ਅਹੁਦੇ ਨੂੰ ਨਿਸ਼ਾਨਾ ਬਣਾਇਆ ਹੈ, ਜੋ ਜਮਹੂਰੀਅਤ ’ਤੇ ਹਮਲੇ ਦੇ ਬਰਾਬਰ ਹੈ। ਮੰਤਰੀ ਨੇ ਬਿਰਲਾ ਦਾ ਖੁੱਲ੍ਹ ਕੇ ਬਚਾਅ ਕੀਤਾ ਤੇ ਸਾਬਕਾ ਪ੍ਰਧਾਨ ਮੰਤਰੀਆਂ ਜਵਾਹਰਲਾਲ ਨਹਿਰੂ ਤੇ ਰਾਜੀਵ ਗਾਂਧੀ ਦੇ ਕਥਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕ ਸਭਾ ਵਿੱਚ ਸਪੀਕਰ ਦਾ ਫੈਸਲਾ ਆਖਰੀ ਹੁੰਦਾ ਹੈ ਅਤੇ ਸਭ ਨੂੰ ਮੰਨਣਾ ਚਾਹੀਦਾ ਹੈ।

Share: