ਰਣਜੀਤ ਸਿੰਘ ਪੁਲੀਸ ਮੁਕਾਬਲਾ: ਅਦਾਲਤ ਨੇ ਪੁਲੀਸ ਅਧਿਕਾਰੀਆਂ ਦੇ ਫੋਨ ਵੇਰਵੇ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ

ਰਣਜੀਤ ਸਿੰਘ ਪੁਲੀਸ ਮੁਕਾਬਲਾ: ਅਦਾਲਤ ਨੇ ਪੁਲੀਸ ਅਧਿਕਾਰੀਆਂ ਦੇ ਫੋਨ ਵੇਰਵੇ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ

ਗੁਰਦਾਸਪੁਰ: ਰਣਜੀਤ ਸਿੰਘ ਪੁਲੀਸ ਮੁਕਾਬਲੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ, ਜਦੋਂ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਦੀ ਸ਼ਿਕਾਇਤ ’ਤੇ ਇਥੋ ਦੀ ਅਦਾਲਤ ਵੱਲੋਂ ਪੁਲੀਸ ਅਧਿਕਾਰੀਆਂ ਦੀਆਂ ਕਾਲ ਡਿਟੇਲਜ਼ ਅਤੇ ਜੀ ਪੀ ਐੱਸ ਵੇਰਵੇ ਸੁਰੱਖਿਅਤ ਰੱਖਣ ਦੇ ਹੁਕਮ ਦੇ ਦਿੱਤੇ। ਮਾਮਲੇ ਦੀ ਪੈਰਵੀ ਕਰ ਰਹੇ ਵਕੀਲਾਂ ਐਡਵੋਕੇਟ ਅਜੈ ਮਰਵਾਹਾ, ਐਡਵੋਕੇਟ ਰਵੀ ਦੀਪ ਬਡਿਆਲ ਤੇ ਐਡਵੋਕੇਟ ਭਜਨਪ੍ਰੀਤ ਸਿੰਘ ਵੱਲੋਂ, ਜੋ ਅਰਜ਼ੀ ਕੋਰਟ ਨੂੰ ਦਿੱਤੀ ਗਈ ਸੀ, ਉਸ ਵਿੱਚ ਅਦਾਲਤ ਵੱਲੋਂ ਸਾਰੇ ਪੁਲੀਸ ਅਧਿਕਾਰੀਆਂ ਐੱਸ ਐੱਸ ਪੀ ਗੁਰਦਾਸਪੁਰ, ਥਾਣਾ ਮੁਖੀ ਦੋਰਾਂਗਲਾ, ਥਾਣਾ ਮੁਖੀ ਪੁਰਾਣਾ ਸ਼ਾਲਾ, ਸੀ ਆਈ ਏ ਮੁਖੀ ਗੁਰਮੀਤ ਸਿੰਘ ਅਤੇ ਮੁਕਾਬਲੇ ਵਿੱਚ ਸ਼ਾਮਲ ਹੋਰ ਪੁਲੀਸ ਕਰਮਚਾਰੀ, ਜੋ ਸਥਾਨਾਂ ’ਤੇ ਮੌਜੂਦ ਸਨ, ਨੂੰ ਆਪਣੇ ਫੋਨ ਨੰਬਰਾਂ ਦਾ ਵੇਰਵਾ ਜਾਂਚ ਅਧਿਕਾਰੀ ਅਤੇ ਸੇਵਾ ਪ੍ਰਦਾਤਾ ਟੈਲੀਕਾਮ ਕੰਪਨੀ ਨੂੰ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ। ਸਬੰਧਤ ਟੈਲੀਕਾਮ ਕੰਪਨੀ ਨੂੰ 20 ਤੋਂ 28 ਫਰਵਰੀ 2026 ਤੱਕ ਦੇ ਇਨ੍ਹਾਂ ਅਧਿਕਾਰੀਆਂ ਦੇ ਕਾਲ ਵੇਰਵੇ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸੇ ਤਰ੍ਹਾਂ ਇਨ੍ਹਾਂ ਅਧਿਕਾਰੀਆਂ ਦੇ ਜੀ ਪੀ ਐੱਸ ਸਥਾਨਾਂ ਨੂੰ ਵੀ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਨਿਰਦੇਸ਼ ਵੀ ਦਿੱਤਾ ਗਿਆ ਹੈ ਕਿ ਘਟਨਾ ਦੇ ਨੇੜੇ ਸਥਾਪਤ ਸੀ ਸੀ ਟੀ ਵੀ ਫੁਟੇਜ, ਜੇ ਕੋਈ ਹੈ, ਨੂੰ ਸੁਰੱਖਿਅਤ ਰੱਖ ਕੇ ਜਾਂਚ ਦਾ ਹਿੱਸਾ ਬਣਾਇਆ ਜਾਵੇ। ਇਸੇ ਤਰ੍ਹਾਂ ਰਣਜੀਤ ਸਿੰਘ ਦੇ ਕਾਲ ਵੇਰਵੇ ਅਤੇ ਸਥਾਨ ਨੂੰ ਸੁਰੱਖਿਅਤ ਰੱਖਣ ਲਈ ਕਿਹਾ ਹੈ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਸੀ ਆਈ ਏ ਇੰਚਾਰਜ ਗੁਰਮੀਤ ਸਿੰਘ, ਜਿਸ ਨੂੰ ਮੁਕਾਬਲੇ ਦੌਰਾਨ ਜ਼ਖ਼ਮੀ ਦਿਖਾਇਆ ਗਿਆ ਹੈ, ਦੇ ਮੈਡੀਕਲ ਰਿਕਾਰਡ ਅਤੇ ਜਾਂਚ ਦੇ ਸਬੰਧ ਵਿੱਚ ਐੱਸ ਐੱਮ ਓ, ਗੁਰਦਾਸਪੁਰ ਤਿੰਨ ਮੈਂਬਰੀ ਡਾਕਟਰੀ ਬੋਰਡ ਕਾਇਮ ਕਰਨ ਅਤੇ ਉਸ ਦੀ ਵਿਸਥਾਰਤ ਰਿਪੋਰਟ ਇਲਾਕਾ ਮੈਜਿਸਟ੍ਰੇਟ ਨੂੰ ਦੇਣ। ਉਸ ਦੀ ਬਾਂਹ ’ਤੇ ਗੋਲੀ ਲੱਗਣ ਦੇ ਸਬੰਧ ਵਿੱਚ ਜਾਂਚ ਕਰਕੇ ਜ਼ਖ਼ਮ ਬਾਰੇ ਇਹ ਸਪਸ਼ਟ ਕੀਤਾ ਜਾਏ ਕਿ ਉਸ ਦੀ ਬਾਂਹ ’ਤੇ ਗੋਲੀ ਆਪ ਲੱਗੀ ਹੈ ਜਾਂ ਕਿ ਮਾਰੀ ਗਈ ਹੈ।

ਇੰਦਰਜੀਤ ਸਿੰਘ ਦੀਆਂ ਭੈਣਾਂ ਤੇ ਭਰਜਾਈ ਰਿਹਾਅ

ਆਦੀਆਂ ਚੈੱਕ ਪੋਸਟ ’ਤੇ ਪੁਲੀਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਇੰਦਰਜੀਤ ਸਿੰਘ ਦੀਆਂ ਦੋ ਭੈਣਾਂ ਤੇ ਭਰਜਾਈ ਨੂੰ ਅੱਜ ਸਰਕਾਰੀ ਹਸਪਤਾਲ ਵਿੱਚ ਸੰਘਰਸ਼ ਕਮੇਟੀ ਦੇ ਮੈਂਬਰਾਂ ਅਤੇ ਮੋਹਤਬਰਾਂ ਦੀ ਮੌਜੂਦਗੀ ਵਿੱਚ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਇੰਦਰਜੀਤ ਸਿੰਘ ਦੀ ਭਾਬੀ ਸਿਮਰਨਜੀਤ ਕੌਰ ਅਤੇ ਭੈਣਾਂ ਸੁਖਵਿੰਦਰ ਕੌਰ ਤੇ ਹਰਪ੍ਰੀਤ ਕੌਰ ਨੂੰ ਵੀ ਕਥਿਤ ਦੋਸ਼ੀ ਇੰਦਰਜੀਤ ਸਿੰਘ ਨੂੰ ਪਨਾਹ ਦੇਣ ਦੇ ਦੋਸ਼ ਹੇਠ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲੀਸ ਹਿਰਾਸਤ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਬੀਤੇ ਦਿਨ ਧਰਨਾਕਾਰੀਆਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਨਾਜਾਇਜ਼ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਰਿਹਾਈ ਤੱਕ ਧਰਨਾ ਖ਼ਤਮ ਨਹੀਂ ਕੀਤਾ ਜਾਵੇਗਾ। ਅੱਜ ਸਵੇਰੇ ਅਦਾਲਤ ਵੱਲੋਂ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਉਹ ਆਪਣੇ ਘਰ ਪਹੁੰਚ ਗਈਆਂ ਹਨ। ਸੰਘਰਸ਼ ਕਮੇਟੀ ਦੇ ਆਗੂ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਅਮਰ ਕ੍ਰਾਂਤੀ, ਹਰਿੰਦਰ ਸਿੰਘ ਮੱਲ੍ਹੀ, ਮੱਖਣ ਸਿੰਘ ਕੁਹਾੜ, ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਬੀਤੇ ਦਿਨੀਂ ਪਰਿਵਾਰ ਵੱਲੋਂ ਅਤੇ ਐਕਸ਼ਨ ਕਮੇਟੀ ਵੱਲੋਂ ਰਣਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਬੱਬਰੀ ਬਾਈਪਾਸ ਉੱਪਰ ਜਾਮ ਲਗਾਇਆ ਗਿਆ ਸੀ। ਜਾਮ ਲਗਾਉਣ ਤੋਂ ਪਹਿਲਾਂ ਹੀ ਲੋਕਾਂ ਦੇ ਦਬਾਅ ਮੂਹਰੇ ਝੁਕਦਿਆਂ ਪੁਲੀਸ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਗ੍ਰਿਫ਼ਤਾਰ ਇੰਦਰਜੀਤ ਸਿੰਘ ਦੀਆਂ ਦੋਵੇਂ ਭੈਣਾਂ ਅਤੇ ਭਰਜਾਈ ਨੂੰ ਸੋਮਵਾਰ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਰਣਜੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਗਈ 11 ਮੈਂਬਰੀ ਐਕਸ਼ਨ ਕਮੇਟੀ ਦੇ ਮੈਂਬਰ ਅਮਰ ਕ੍ਰਾਂਤੀ ਨੇ ਕਿਹਾ ਕਿ ਪੰਜ ਦਿਨਾਂ ਬਾਅਦ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

Share: