Punjab Budget 2026 : ਮਾਵਾਂ-ਧੀਆਂ ਦਾ ਸਤਿਕਾਰ; 1000 ਰੁੁਪਏ ਮਹੀਨਾ ਅਤੇ ਮੁਫ਼ਤ ਬੱਸ ਸਫ਼ਰ

Punjab Budget 2026 : ਮਾਵਾਂ-ਧੀਆਂ ਦਾ ਸਤਿਕਾਰ; 1000 ਰੁੁਪਏ ਮਹੀਨਾ ਅਤੇ ਮੁਫ਼ਤ ਬੱਸ ਸਫ਼ਰ

ਪੰਜਾਬ ਵਿਧਾਨ ਸਭਾ ’ਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤੀ ਸਾਲ 2026-27 ਲਈ 2,60,437 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਚੀਮਾ ਨੇ ਅੱਜ ਦਾ ਬਜਟ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ। ਉਨ੍ਹਾਂ ਇਸ ਦੌਰਾਨ ਹੜ੍ਹਾਂ ’ਚ ਪੰਜਾਬੀਆਂ ਵੱਲੋ ਦਿਖਾਈ ਦਲੇਰੀ ਦੀ ਸ਼ਲਾਘਾ ਕੀਤੀ। ‘ਆਪ’ ਸਰਕਾਰ ਨੇ ਆਖ਼ਰੀ ਤੇ ਪੰਜਵਾਂ ਬਜਟ ‘ਦਲਿਤਾਂ ਤੇ ਔਰਤਾਂ’ ’ਤੇ ਕੇਂਦਰਿਤ ਕੀਤਾ ਹੈ। ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਜਟ ’ਤੇ ਸਪਸ਼ਟ ਪਰਛਾਵਾਂ ਪਿਆ ਹੈ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਧਾਨ ਸਭਾ ਵਿੱਚ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਲਈ ਸੂਬੇ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਕੀਮ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਐਲਾਨ ਕੀਤਾ ਹੈ। ਇਸ ਸਕੀਮ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਸੂਬੇ ਦੀਆਂ ਸਾਰੀਆਂ ਬਾਲਗ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਖ਼ਾਸ ਤੌਰ ’ਤੇ ਅਨੁਸੂਚਿਤ ਜਾਤੀ (SC) ਨਾਲ ਸਬੰਧਤ ਔਰਤਾਂ ਲਈ ਇਹ ਰਾਸ਼ੀ 1,500 ਰੁਪਏ ਪ੍ਰਤੀ ਮਹੀਨਾ ਨਿਰਧਾਰਿਤ ਕੀਤੀ ਗਈ ਹੈ। ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਰਾਸ਼ੀ ਸਿੱਧੇ ਤੌਰ ’ਤੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ (DBT) ਵਿੱਚ ਟਰਾਂਸਫਰ ਕੀਤੀ ਜਾਵੇਗੀ ਹਾਲਾਂਕਿ ਇਸ ਸਕੀਮ ਚੋ ਮੌਜੂਦਾ ਅਤੇ ਸਾਬਕਾ ਰੈਗੂਲਰ ਕਰਮਚਾਰੀਆਂ, ਮੌਜੂਦਾ ਅਤੇ ਸਾਬਕਾ MP/MLAs ਤੋ ਇਲਾਵਾ ਇਨਕਮ ਟੈਕਸ ਭਰਨ ਵਾਲਿਆਂ ਨੂੰ ਬਾਹਰ ਰੱਖਿਆ ਗਿਆ ਹੈ। ਇਸ ਸਕੀਮ ਲਈ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅਪੰਗਤਾ ਪੈਨਸ਼ਨ ਲੈਣ ਵਾਲੀਆਂ ਔਰਤਾਂ ਵੀ ਯੋਗ ਹੋਣਗੀਆ।

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਬਜਟ ਐਤਵਾਰੀ ਛੁੱਟੀ ਵਾਲੇ ਦਿਨ ਪੇਸ਼ ਕੀਤਾ ਗਿਆ ਹੋਵੇ। ‘ਆਪ’ ਸਰਕਾਰ ਨੇ ਇਸ ਵਾਰ ਬਜਟ ਪੇਸ਼ ਕਰਨ ਲਈ ਕੌਮਾਂਤਰੀ ਮਹਿਲਾ ਦਿਵਸ ਨੂੰ ਚੁਣਿਆ ਹੈ। ਉੱਧਰ ਇਸ ਦੌਰਾਨ ਅੱਜ ਬਜਟ ਪੇਸ਼ ਹੋਣ ਤੋਂ ਕੁਝ ਘੰਟੇ ਪਹਿਲਾਂ ਐਤਵਾਰ ਸਵੇਰੇ ਪੰਜਾਬ ਵਿਧਾਨ ਸਭਾ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਐਂਟੀ-ਬੰਬ ਸਕੁਐਡ ਦੀ ਟੀਮ ਨੇ ਵਿਧਾਨ ਸਭਾ ਕੰਪਲੈਕਸ ਵਿੱਚ ਪਹੁੰਚ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

Share: