ਨਵੀਂ ਦਿੱਲੀ: ਪ੍ਰੀਮੀਅਮ ਜਾਂ ਹਾਈ ਗਰੇਡ ਪੈਟਰੋਲ ਦੀ ਕੀਮਤ ਵਿੱਚ ਸ਼ੁੱਕਰਵਾਰ ਨੂੰ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ; ਇੰਡਸਟਰੀਅਲ ਵਰਤੋਕਾਰਾਂ ਨੂੰ ਵੇਚਿਆ ਜਾਣ ਵਾਲਾ ਡੀਜ਼ਲ 22 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ। ਮੱਧ ਪੂਰਬ ’ਚ ਜਾਰੀ ਟਕਰਾਅ ਦਰਮਿਆਨ ਤੇਲ ਕੀਮਤਾਂ ਨੇ ਆਲਮੀ ਪੱਧਰ ’ਤੇ ਸ਼ੂਟ ਵੱਟ ਲਈ ਹੈ। ਨਾਰਮਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਹਾਲ ਦੀ ਘੜੀ ਕੋਈ ਫੇਰਬਦਲ ਨਹੀਂ ਕੀਤਾ ਗਿਆ। ਸਰਕਾਰ ਨੇ ਪਰਚੂਨ ਤੇਲ ਕੀਮਤਾਂ ਫ਼ੌਰੀ ਵਧਾਉਣ ਤੋਂ ਨਾਂਹ ਕੀਤੀ ਹੈ।
ਇੰਡਸਟਰੀ ਸੂਤਰਾਂ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਪ੍ਰੀਮੀਅਮ 95-ਔਕਟੇਨ ਪੈਟਰੋਲ ਦੀ ਕੀਮਤ 99.89 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 101.89 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸੇ ਤਰ੍ਹਾਂ ਦਿੱੱਲੀ ’ਚ ਬਲਕ ਜਾਂ ਇੰਡਸਟਰੀਅਲ ਡੀਜ਼ਲ ਦਾ ਭਾਅ 87.67 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 109.59 ਰੁਪਏ ਪ੍ਰਤੀ ਲਿਟਰ ਨੂੰ ਪਹੁੰਚ ਗਿਆ। ਵੀਰਵਾਰ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਕੀਮਤਾਂ 119 ਅਮਰੀਕੀ ਡਾਲਰ ਫ਼ੀ ਬੈਰਲ ਸਨ, ਜੋ ਮਗਰੋਂ 108 ਡਾਲਰ ਪ੍ਰਤੀ ਬੈਰਲ ’ਤੇ ਆ ਗਈਆਂ। ਕੌਮੀ ਰਾਜਧਾਨੀ ਵਿੱਚ ਨਾਰਮਲ ਪੈਟਰੋਲ ਤੇ ਡੀਜ਼ਲ ਦੀ ਕੀਮਤ ਕ੍ਰਮਵਾਰ 94.77 ਰੁਪਏ ਤੇ 87.67 ਰੁਪਏ ਫ਼ੀ ਲਿਟਰ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ’ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਆਮ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ। ਉਨ੍ਹਾਂ ਕਿਹਾ, ‘‘ਪ੍ਰੀਮੀਅਮ ਵਰਗ ਦੀਆਂ ਕੀਮਤਾਂ ’ਚ ਕੁਝ ਵਾਧਾ ਕੀਤਾ ਗਿਆ ਹੈ, ਜੋ ਕਿ (ਦੇਸ਼ ਵਿੱਚ ਵੇਚੇ ਜਾਂਦੇ) ਕੁੱਲ ਪੈਟਰੋਲ ਦਾ ਮੁਸ਼ਕਲ ਨਾਲ 2 ਤੋਂ 4 ਫ਼ੀਸਦ ਬਣਦਾ ਹੈ।’’ ਉਨ੍ਹਾਂ ਕਿਹਾ ਕਿ ਕੀਮਤਾਂ ਬਾਰੇ ਫ਼ੈਸਲਾ ਤੇਲ ਕੰਪਨੀਆਂ ਨੇ ਆਪਣੇ ਪੱਧਰ ’ਤੇ ਲਿਆ ਹੈ ਕਿਉਂਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਕ੍ਰਮਵਾਰ 2010 ਤੇ 2014 ਵਿੱਚ ਕੰਟਰੋਲ ਮੁਕਤ ਕੀਤਾ ਗਿਆ ਸੀ। ਸਰਕਾਰ ਪੈਟਰੋਲ ਤੇ ਡੀਜ਼ਲ ਕੀਮਤਾਂ ਨੂੰ ਰੈਗੂਲੇਟ ਨਹੀਂ ਕਰਦੀ। ਸਰਕਾਰ ਨੇ ਆਲਮੀ ਤੇਲ ਕੀਮਤਾਂ ’ਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ, ਪਰ ਪਰਚੂਨ ਤੇਲ ਕੀਮਤਾਂ ਫ਼ੌਰੀ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਸ਼ਰਮਾ ਨੇ ਕਿਹਾ, ‘‘ਸਾਡੀ ਤਰਜੀਹ ਸਾਰੇ ਖ਼ਪਤਕਾਰਾਂ ਲਈ ਊਰਜਾ ਉਪਲਬਧ ਕਰਵਾਉਣਾ ਹੈ, ਜੋ ਕਿ ਅਸੀਂ ਸੰਕਟ ਦੌਰਾਨ ਕਰਦੇ ਆ ਰਹੇ ਹਾਂ। ਹੁਣ ਤੱਕ ਅਸੀਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ।’’
ਡਾਲਰ ਮੁਕਾਬਲੇ ਰੁਪੱਈਆ ਰਿਕਾਰਡ ਹੇਠਲੇ ਪੱਧਰ ’ਤੇ
ਮੁੰਬਈ: ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ ਅੱਜ 82 ਪੈਸੇ (ਕਰੀਬ ਇਕ ਫ਼ੀਸਦ) ਟੁੱਟ ਕੇ 93.71 ਦੇ ਰਿਕਾਰਡ ਹੇਠਲੇ ਪੱਧਰ ਨੂੰ ਪਹੁੰਚ ਗਿਆ। ਇਸ ਦੀ ਮੁੱਖ ਵਜ੍ਹਾ ਵਿਦੇਸ਼ੀ ਫੰਡਾਂ ਦੀ ਨਿਕਾਸੀ ਤੇ ਕੱਚੇ ਤੇਲ ਦੀਆਂ ਕੀਮਤਾਂ ਦਾ ਸ਼ੂਟ ਵੱਟਣਾ ਹੈ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਵਧਦੀਆਂ ਤੇਲ ਕੀਮਤਾਂ ਕਰ ਕੇ ਭਾਰਤੀ ਰੁਪੱਈਏ ਉੱਤੇ ਦਬਾਅ ਹੈ। ਇਸ ਦੌਰਾਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ 7.052 ਅਰਬ ਅਮਰੀਕੀ ਡਾਲਰ ਦਾ ਖੋਰਾ ਲੱਗਾ ਹੈ।
ਗੈਸ ਸੰਕਟ: ਰੀਫਿਲ ਬੁਕਿੰਗ ਦਾ ਅੰਕੜਾ ਘਟਿਆ
ਨਵੀਂ ਦਿੱਲੀ: ਐੱਲ ਪੀ ਜੀ ਸਪਲਾਈ ਦੀ ਕਿੱਲਤ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਹਫ਼ਤੇ ਜਾਰੀ ਹੈ। ਰੀਫਿਲ ਬੁਕਿੰਗ ਦਾ ਅੰਕੜਾ ਘਟਣ ਨਾਲ ਕੁਝ ਸਾਹ ਆਇਆ ਹੈ, ਜੋ ਚੀਜ਼ਾਂ ਹੌਲੀ-ਹੌਲੀ ਆਮ ਵਾਂਗ ਹੋਣ ਵੱਲ ਇਸ਼ਾਰਾ ਕਰਦਾ ਹੈ। ਪੱਛਮੀ ਏਸ਼ੀਆ ’ਚ ਜਾਰੀ ਟਕਰਾਅ ਕਰ ਕੇ ਪਿੱਛੋਂ ਸਪਲਾਈ ਵਿੱਚ ਪਏ ਅੜਿੱਕੇ ਕਾਰਨ ਵਪਾਰਕ ਖ਼ਪਤਕਾਰਾਂ, ਜਿਨ੍ਹਾਂ ਵਿੱਚ ਹੋਟਲ ਵੀ ਸ਼ਾਮਲ ਹਨ, ਉੱਤੇ ਸਪਲਾਈ ਸਬੰਧੀ ਪਾਬੰਦੀਆਂ ਅਜੇ ਵੀ ਲਾਗੂ ਹਨ। ਮੱਧ ਪੂਰਬ ਸੰਕਟ ਕਰ ਕੇ ਹਰਮੁਜ਼ ਜਲ ਮਾਰਗ ਬੰਦ ਹੈ। ਭਾਰਤ ਨੂੰ ਇਸ ਰੂਟ ਰਾਹੀਂ ਆਪਣੀਆਂ ਊਰਜਾ ਦਰਾਮਦਾਂ ਦਾ 60 ਫੀਸਦ ਮਿਲਦਾ ਹੈ। ਦਰਾਮਦ ਘਟਣ ਕਰ ਕੇ ਸਰਕਾਰ ਹੁਣ ਵਪਾਰਕ ਐੱਲ ਪੀ ਜੀ ਦੀ ਥਾਂ ਘਰੇਲੂ ਐੱਲ ਪੀ ਜੀ ਸਪਲਾਈ ਨੂੰ ਵਧੇਰੇ ਤਰਜੀਹ ਦੇ ਰਹੀ ਹੈ।
ਸ਼ੁਰੂਆਤ ’ਚ ਵਪਾਰਕ ਅਦਾਰਿਆਂ ਨੂੰ ਗੈਸ ਦੀ ਸਪਲਾਈ ਬਿਲਕੁਲ ਰੋਕ ਦਿੱਤੀ ਗਈ ਸੀ, ਪਰ ਮਗਰੋਂ ਉੁਨ੍ਹਾਂ ਦੀਆਂ ਲੋੜਾਂ ਦੇ ਪੰਜਵੇਂ ਹਿੱਸੇ ਨੂੰ ਬਹਾਲ ਕਰ ਦਿੱਤਾ ਗਿਆ। ਐੱਲ ਪੀ ਜੀ ਦੀ ਕਿੱਲਤ ਕਰ ਕੇ ਘਰੇਲੂ ਖ਼ਪਤਕਾਰਾਂ ਨੇ ਅਫ਼ਰਾ ਤਫ਼ਰੀ ’ਚ ਸਿਲੰਡਰਾਂ ਦੀ ਖ਼ਰੀਦ ਸ਼ੁਰੂ ਕਰ ਦਿੱਤੀ। ਖ਼ਪਤਕਾਰਾਂ ਨੂੰ ਡਰ ਪੈ ਗਿਆ ਕਿ ਘਰੇਲੂ ਐੱਲ ਪੀ ਜੀ ਦੀ ਉਪਲਬਧਤਾ ਸੀਮਤ ਕੀਤੀ ਜਾ ਸਕਦੀ ਹੈ। ਇਸੇ ਅਫ਼ਰਾ ਤਫ਼ਰੀ ’ਚ 13 ਮਾਰਚ ਨੂੰ ਰੀਫਿਲ ਬੁਕਿੰਗ 87.7 ਲੱਖ ਨਾਲ ਆਪਣੀ ਸਿਖਰ ’ਤੇ ਪਹੁੰਚ ਗਈ। ਹਾਲਾਂਕਿ ਇਸ ਤੋਂ ਬਾਅਦ ਅੰਕੜੇ ’ਚ ਲਗਾਤਾਰ ਨਿਘਾਰ ਆਇਆ।
ਵਿਭਾਗ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ 19 ਮਾਰਚ ਨੂੰ ਕਰੀਬ 55 ਲੱਖ ਬੁਕਿੰਗਾਂ ਹੋਈਆਂ ਜੋ ਇਕ ਦਿਨ ਪਹਿਲਾਂ 57 ਲੱਖ ਨਾਲੋਂ ਘੱਟ ਸਨ। ਪੱਛਮੀ ਏਸ਼ੀਆ ’ਚ ਜੰਗ ਤੋਂ ਪਹਿਲਾਂ ਰੋਜ਼ਾਨਾ ਬੁਕਿੰਗ ਦਾ ਅੰਕੜਾ 50-55 ਲੱਖ ਸੀ। ਉਨ੍ਹਾਂ ਕਿਹਾ, ‘‘ਅਫ਼ਰਾ ਤਫ਼ਰੀ ’ਚ ਕੀਤੀ ਜਾਣ ਵਾਲੀ ਬੁਕਿੰਗ ਦਾ ਰੁਝਾਨ ਘਟਿਆ ਹੈ ਤੇ ਸਰਕਾਰ ਵੱਲੋਂ ਐੱਲ ਪੀ ਜੀ ਸਪਲਾਈ ’ਚ ਘਰੇਲੂ ਪਰਿਵਾਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।’’
‘ਡਿਸਟ੍ਰੀਬਿਊਟਰਾਂ ਕੋਲ ਅਜੇ ਸਟਾਕ ਮੌਜੂਦ’
ਵਿਭਾਗ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ, ‘‘ਐੱਲ ਪੀ ਜੀ ਦੀ ਸਪਲਾਈ ਨੂੰ ਲੈ ਕੇ ਹਾਲਾਤ ਫ਼ਿਕਰਮੰਦੀ ਵਾਲੇ ਹਨ, ਪਰ ਐੱਲ ਪੀ ਜੀ ਡਿਸਟ੍ਰੀਬਿਊਟਰਾਂ ਕੋਲ ਅਜੇ ਸਟਾਕ ਨਹੀਂਂ ਮੁੱਕਿਆ।’’ ਪਿਛਲੇ ਹਫ਼ਤੇ ਵਪਾਰਕ ਅਦਾਰਿਆਂ ਨੂੰ 11,300 ਟਨ ਕਮਰਸ਼ੀਅਲ ਐੱਲ ਪੀ ਜੀ ਦਿੱਤੀ ਗਈ ਹੈ। ਘਰੇਲੂ ਐੱਲ ਪੀ ਜੀ ਉਤਪਾਦਨ ’ਚ 40 ਫ਼ੀਸਦ ਤੋਂ ਵੱਧ ਦਾ ਇਜ਼ਾਫ਼ਾ ਕੀਤਾ ਗਿਆ ਹੈ। ਜਮ੍ਹਾਂਖੋਰੀ ਰੋਕਣ ਲਈ ਛਾਪੇ ਜਾਰੀ ਹਨ। ਸ਼ੁੱਕਰਵਾਰ ਨੂੰ 4500 ਛਾਪੇ ਮਾਰੇ ਗਏ ਹਨ। ਖ਼ਪਤਕਾਰਾਂ ਨੂੰ ਪੀ ਐੱਨ ਜੀ ਬਦਲ ਚੁਣਨ ਲਈ ਪ੍ਰੇਰਿਆ ਜਾ ਰਿਹਾ ਹੈ।

