Rajya Sabha Polls: 26 ਉਮੀਦਵਾਰ ਨਿਰਵਿਰੋਧ ਚੁਣੇ ; ਹਰਿਆਣਾ, ਬਿਹਾਰ ਅਤੇ ਓਡੀਸਾ ਵਿੱਚ NDA ਤੇ ਵਿਰੋਧੀ ਧਿਰ ਵਿਚਾਲੇ ਫਸਵੀਂ ਟੱਕਰ

Rajya Sabha Polls: 26 ਉਮੀਦਵਾਰ ਨਿਰਵਿਰੋਧ ਚੁਣੇ ; ਹਰਿਆਣਾ, ਬਿਹਾਰ ਅਤੇ ਓਡੀਸਾ ਵਿੱਚ NDA ਤੇ ਵਿਰੋਧੀ ਧਿਰ ਵਿਚਾਲੇ ਫਸਵੀਂ ਟੱਕਰ

ਚੰਡੀਗੜ੍ਹ/ਭੁਵਨੇਸ਼ਵਰ: ਦੇਸ਼ ਦੇ 10 ਰਾਜਾਂ ਵਿੱਚ ਰਾਜ ਸਭਾ ਦੀਆਂ 37 ਸੀਟਾਂ ਨੂੰ ਭਰਨ ਲਈ ਦੋ-ਸਾਲਾ ਚੋਣਾਂ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਹਾਲਾਂਕਿ 37 ਵਿੱਚੋਂ 26 ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ, ਪਰ ਬਾਕੀ ਬਚੀਆਂ 11 ਸੀਟਾਂ ਲਈ ਅੱਜ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ 11 ਸੀਟਾਂ ਵਿੱਚ ਬਿਹਾਰ ਦੀਆਂ ਪੰਜ, ਓਡੀਸਾ ਦੀਆਂ ਚਾਰ ਅਤੇ ਹਰਿਆਣਾ ਦੀਆਂ ਦੋ ਸੀਟਾਂ ਸ਼ਾਮਲ ਹਨ। ਵੋਟਾਂ ਦੀ ਗਿਣਤੀ ਅੱਜ ਸ਼ਾਮ 5 ਵਜੇ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਤਸਵੀਰ ਸਾਫ਼ ਹੋ ਜਾਵੇਗੀ। ਇਨ੍ਹਾਂ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. (NDA) ਅਤੇ ਵਿਰੋਧੀ ਧਿਰ ਦੇ ਗਠਜੋੜ ਵਿਚਾਲੇ ਸਿੱਧੀ ਟੱਕਰ ਹੈ।

ਉੱਧਰ ਓਡੀਸਾ ਅਤੇ ਹਰਿਆਣਾ ਵਿੱਚ ਰਾਜ ਸਭਾ ਦੀਆਂ ਸੀਟਾਂ ਲਈ ਵੋਟਿੰਗ ਪ੍ਰਕਿਰਿਆ ਸਵੇਰੇ 9 ਵਜੇ ਸ਼ੁਰੂ ਹੋ ਗਈ ਹੈ। ਦੋਵਾਂ ਰਾਜਾਂ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਓਡੀਸ਼ਾ ਵਿੱਚ 12 ਸਾਲਾਂ ਬਾਅਦ ਹੋ ਰਹੀਆਂ ਇਨ੍ਹਾਂ ਚੋਣਾਂ ਵਿੱਚ ‘ਕਰੌਸ ਵੋਟਿੰਗ’ ਦਾ ਡਰ ਬਣਿਆ ਹੋਇਆ ਹੈ, ਜਿੱਥੇ ਵਿਰੋਧੀ ਧਿਰ ਬੀਜੇਡੀ (BJD) ਨੇ ਸੱਤਾਧਾਰੀ ਭਾਜਪਾ ’ਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ ਲਗਾਏ ਹਨ। ਓਡੀਸ਼ਾ ਦੀਆਂ 4 ਸੀਟਾਂ ਲਈ 5 ਉਮੀਦਵਾਰ ਮੈਦਾਨ ਵਿੱਚ ਹਨ, ਜਿਸ ਕਾਰਨ ਮੁਕਾਬਲਾ ਕਾਫ਼ੀ ਫਸਵਾਂ ਹੋ ਗਿਆ ਹੈ। ਦੂਜੇ ਪਾਸੇ ਹਰਿਆਣਾ ਦੀਆਂ ਦੋ ਰਾਜ ਸਭਾ ਸੀਟਾਂ ਲਈ ਵੀ ਜੰਗ ਜਾਰੀ ਹੈ। ਕਾਂਗਰਸ ਆਪਣੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਉਨ੍ਹਾਂ ਨੂੰ ਹਿਮਾਚਲ ਦੇ ਕਸੌਲੀ ਲੈ ਗਈ ਸੀ, ਜੋ ਅੱਜ ਸਵੇਰੇ ਦੀਪੇਂਦਰ ਹੁੱਡਾ ਦੀ ਅਗਵਾਈ ਵਿੱਚ ਚੰਡੀਗੜ੍ਹ ਵਾਪਸ ਪਰਤ ਰਹੇ ਹਨ। ਭਾਜਪਾ ਨੇ ਜਿੱਥੇ ਸੰਜੇ ਭਾਟੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ, ਉੱਥੇ ਹੀ ਕਾਂਗਰਸ ਵੱਲੋਂ ਕਰਮਵੀਰ ਬੌਧ ਕਿਸਮਤ ਅਜ਼ਮਾ ਰਹੇ ਹਨ।

ਇੰਡੀਅਨ ਨੈਸ਼ਨਲ ਲੋਕ ਦਲ (INLD) ਦੇ ਸਟੈਂਡ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਕਿਉਂਕਿ ਪਾਰਟੀ ਨੇ ਅਜੇ ਤੱਕ ਭਾਜਪਾ ਸਮਰਥਿਤ ਆਜ਼ਾਦ ਉਮੀਦਵਾਰ ਨੂੰ ਵੋਟ ਪਾਉਣ ਜਾਂ ਚੋਣਾਂ ਤੋਂ ਦੂਰ ਰਹਿਣ ਬਾਰੇ ਪੱਤੇ ਨਹੀਂ ਖੋਲ੍ਹੇ ਹਨ। ਦੋਵਾਂ ਰਾਜਾਂ ਵਿੱਚ ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ।

Share: