ਬਾਲੇਂਦਰ ਸ਼ਾਹ ਦੀ RSP ਨੇ ਰਚਿਆ ਇਤਿਹਾਸ; ਨੇਪਾਲ ਚੋਣਾਂ ਵਿੱਚ ਇਤਿਹਾਸਕ ਜਿੱਤ ਕੀਤੀ ਦਰਜ

ਬਾਲੇਂਦਰ ਸ਼ਾਹ ਦੀ RSP ਨੇ ਰਚਿਆ ਇਤਿਹਾਸ; ਨੇਪਾਲ ਚੋਣਾਂ ਵਿੱਚ ਇਤਿਹਾਸਕ ਜਿੱਤ ਕੀਤੀ ਦਰਜ

ਕਾਠਮੰਡੂ: ਨੇਪਾਲ ਵਿੱਚ ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ ਦੀ ਅਗਵਾਈ ਵਾਲੀ ਰਾਸ਼ਟਰੀ ਸੁਤੰਤਰ ਪਾਰਟੀ (RSP) ਨੇ ਆਮ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਦਿਆਂ ਸਥਾਪਿਤ ਸਿਆਸੀ ਪਾਰਟੀਆਂ ਦਾ ਸੂਪੜਾ ਸਾਫ਼ ਕਰ ਦਿੱਤਾ ਹੈ। ਐਤਵਾਰ ਨੂੰ ਐਲਾਨੇ ਗਏ ਚੋਣ ਨਤੀਜਿਆਂ ਅਨੁਸਾਰ 35 ਸਾਲਾ ‘ਬਾਲੇਨ’ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਉਨ੍ਹਾਂ ਨੇ ਝਾਪਾ-5 ਹਲਕੇ ਤੋਂ ਚਾਰ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਕੇ.ਪੀ. ਸ਼ਰਮਾ ਓਲੀ ਨੂੰ ਲਗਭਗ 50,000 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ ਹੈ। ਬਾਲੇਨ ਨੇ 68,348 ਵੋਟਾਂ ਹਾਸਲ ਕੀਤੀਆਂ, ਜਦੋਂਕਿ 74 ਸਾਲਾ ਓਲੀ ਨੂੰ ਮਹਿਜ਼ 18,734 ਵੋਟਾਂ ਹੀ ਮਿਲੀਆਂ।

RSP ਨੇ ਕਾਠਮੰਡੂ ਜ਼ਿਲ੍ਹੇ ਦੀਆਂ ਸਾਰੀਆਂ 10 ਸੀਟਾਂ ’ਤੇ ਕਲੀਨ ਸਵੀਪ ਕੀਤਾ ਹੈ। ਚੋਣ ਕਮਿਸ਼ਨ ਅਨੁਸਾਰ 129 ਐਲਾਨੀਆਂ ਸੀਟਾਂ ਵਿੱਚੋਂ RSP ਪਹਿਲਾਂ ਹੀ 100 ਸੀਟਾਂ ਜਿੱਤ ਚੁੱਕੀ ਹੈ। ਬਾਲੇਨ ਨਾ ਸਿਰਫ਼ ਨੇਪਾਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹੋਣਗੇ, ਸਗੋਂ ਉਹ ਇਸ ਚੋਟੀ ਦੇ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੇ ਪਹਿਲੇ ਮਧੇਸੀ ਆਗੂ ਵੀ ਹੋਣਗੇ। ਚੋਣ ਨਤੀਜੇ ਸਪੱਸ਼ਟ ਕਰਦੇ ਹਨ ਕਿ ਜਨਤਾ ਨੇ ਰਵਾਇਤੀ ਪਾਰਟੀਆਂ, ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਨੂੰ ਪੂਰੀ ਤਰ੍ਹਾਂ ਨਕਾਰ ਕੇ ਨਵੀਂ ਪੀੜ੍ਹੀ ਦੀ ਲੀਡਰਸ਼ਿਪ ’ਤੇ ਭਰੋਸਾ ਜਤਾਇਆ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਫਲ ਚੋਣ ਪ੍ਰਕਿਰਿਆ ਲਈ ਨੇਪਾਲ ਦੇ ਲੋਕਾਂ ਅਤੇ ਸਰਕਾਰ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਵਿੱਚ ਉਨ੍ਹਾਂ ਕਿਹਾ, “ ਇਹ ਇਤਿਹਾਸਕ ਮੀਲ ਪੱਥਰ ਨੇਪਾਲ ਦੀ ਜਮਹੂਰੀ ਯਾਤਰਾ ਦਾ ਇੱਕ ਮਾਣਮੱਤਾ ਪਲ ਹੈ। ਭਾਰਤ ਇੱਕ ਨੇੜਲੇ ਦੋਸਤ ਵਜੋਂ ਨੇਪਾਲ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਨਵੀਂ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।” ਦੂਜੇ ਪਾਸੇ, ਹਾਰ ਸਵੀਕਾਰ ਕਰਦਿਆਂ ਕੇ.ਪੀ. ਓਲੀ ਨੇ ਵੀ ਬਾਲੇਨ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਪੰਜ ਸਾਲਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਭੇਜੀਆਂ। ਮਾਹਿਰਾਂ ਦਾ ਕਹਿਣਾ ਹੈ ਕਿ ਬਾਲੇਨ ਦੀ ਸਰਕਾਰ ਲਈ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣਾ ਅਤੇ ਇੱਕ ਸੁਤੰਤਰ ਵਿਦੇਸ਼ ਨੀਤੀ ਬਣਾਈ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। RSP ਦੀ ਇਸ ਜਿੱਤ ਵਿੱਚ ‘ਜਨਰੇਸ਼ਨ Z’ (Gen Z) ਦੇ ਨੌਜਵਾਨਾਂ ਦਾ ਵੱਡਾ ਹੱਥ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੇ ਪਿਛਲੇ ਸਾਲ ਪੁਰਾਣੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤੇ ਸਨ।

Share: