ਇਰਾਨੀ ਮਹਿਲਾ ਫੁਟਬਾਲ ਟੀਮ ਦੇ ਬਹੁਤੇ ਮੈਂਬਰ ਆਸਟਰੇਲੀਆ ਤੋਂ ਰਵਾਨਾ

ਇਰਾਨੀ ਮਹਿਲਾ ਫੁਟਬਾਲ ਟੀਮ ਦੇ ਬਹੁਤੇ ਮੈਂਬਰ ਆਸਟਰੇਲੀਆ ਤੋਂ ਰਵਾਨਾ

ਗੋਲਡ ਕੋਸਟ (ਆਸਟਰੇਲੀਆ): ਇਰਾਨ ਦੀ ਮਹਿਲਾ ਫੁਟਬਾਲ ਟੀਮ ਆਪਣੇ ਸੱਤ ਮੈਂਬਰਾਂ ਨੂੰ ਛੱਡ ਕੇ ਆਸਟਰੇਲੀਆ ਤੋਂ ਰਵਾਨਾ ਹੋ ਗਈ ਹੈ। ਸਿਡਨੀ ਹਵਾਈ ਅੱਡੇ ਦੇ ਬਾਹਰ ਉਨ੍ਹਾਂ ਦੀ ਰਵਾਨਗੀ ਵਿਰੁੱਧ ਹੋਏ ਭਾਵੁਕ ਪ੍ਰਦਰਸ਼ਨਾਂ ਅਤੇ ਟਰਮੀਨਲ ਦੇ ਅੰਦਰ ਆਸਟਰੇਲਿਆਈ ਅਧਿਕਾਰੀਆਂ ਵੱਲੋਂ ਆਖ਼ਰੀ ਸਮੇਂ ਤੱਕ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਟੀਮ ਵਾਪਸ ਆ ਗਈ ਹੈ। ਅਧਿਕਾਰੀ ਇਹ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਮਹਿਲਾ ਖਿਡਾਰੀ ਇਹ ਸਮਝ ਲੈਣ ਕਿ ਉਨ੍ਹਾਂ ਨੂੰ ਸ਼ਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਮੰਗਲਵਾਰ ਦੇਰ ਰਾਤ, ਜਿਵੇਂ ਹੀ ਟੀਮ ਦੀ ਉਡਾਣ ਦਾ ਸਮਾਂ ਨੇੜੇ ਆਇਆ ਅਤੇ ਉਹ ਸੁਰੱਖਿਆ ਜਾਂਚ ’ਚੋਂ ਲੰਘੀਆਂ ਤਾਂ ਹਰੇਕ ਮਹਿਲਾ ਨੂੰ ਵੱਖਰੇ ਤੌਰ ’ਤੇ ਅਧਿਕਾਰੀਆਂ ਨਾਲ ਮਿਲਣ ਲਈ ਲਿਜਾਇਆ ਗਿਆ। ਦੁਭਾਸ਼ੀਏ ਰਾਹੀਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਉਨ੍ਹਾਂ ਕੋਲ ਇਰਾਨ ਵਾਪਸ ਨਾ ਜਾਣ ਦੀ ਚੋਣ ਕਰਨ ਦਾ ਮੌਕਾ ਹੈ। ਇਸ ਤੋਂ ਪਹਿਲਾਂ ਸੱਤ ਹੋਰ ਮਹਿਲਾਵਾਂ ਨੇ ਮਾਨਵਤਾਵਾਦੀ ਵੀਜ਼ਾ ਸਵੀਕਾਰ ਕਰ ਲਿਆ ਸੀ, ਜੋ ਉਨ੍ਹਾਂ ਨੂੰ ਆਸਟਰੇਲੀਆ ਵਿੱਚ ਪੱਕੇ ਤੌਰ ’ਤੇ ਰਹਿਣ ਦੀ ਇਜਾਜ਼ਤ ਦਿੰਦਾ ਹੈ। ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਇਨ੍ਹਾਂ ਮੁਲਾਕਾਤਾਂ ਨੂੰ ਬਹੁਤ ਭਾਵੁਕ ਦੱਸਿਆ। ਅੰਤ ਵਿੱਚ, ਹੋਰ ਕਿਸੇ ਵੀ ਮਹਿਲਾ ਨੇ ਸ਼ਰਨ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਅਤੇ ਬਾਕੀ ਸਾਰੇ ਮੈਂਬਰਾਂ ਦੇ ਨਾਲ ਟੀਮ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਗਿਆ। ਇਸ ਫ਼ੈਸਲੇ ਦੀ ਨਾਜ਼ੁਕ ਸਥਿਤੀ ਬੁੱਧਵਾਰ ਨੂੰ ਉਦੋਂ ਸਾਹਮਣੇ ਆਈ ਜਦੋਂ ਮੰਤਰੀ ਬਰਕ ਨੇ ਐਲਾਨ ਕੀਤਾ ਕਿ ਪਿੱਛੇ ਰਹਿ ਗਈਆਂ ਸੱਤ ਮਹਿਲਾਵਾਂ ਵਿੱਚੋਂ ਇੱਕ ਨੇ ਆਖ਼ਰਕਾਰ ਆਪਣੇ ਵਤਨ ਵਾਪਸ ਜਾਣ ਦਾ ਫ਼ੈਸਲਾ ਕੀਤਾ ਹੈ। ਗ੍ਰਹਿ ਮੰਤਰੀ ਬਰਕ ਨੇ ਕਿਹਾ, ‘‘ਆਸਟਰੇਲੀਆ ਵਿੱਚ, ਲੋਕਾਂ ਕੋਲ ਆਪਣਾ ਮਨ ਬਦਲਣ ਦੀ ਆਜ਼ਾਦੀ ਹੈ।’’

Share: