ਮੋਦੀ-ਟਰੰਪ ਵੱਲੋਂ ਪੱਛਮੀ ਏਸ਼ੀਆ ਸੰਕਟ ਬਾਰੇ ਚਰਚਾ

ਮੋਦੀ-ਟਰੰਪ ਵੱਲੋਂ ਪੱਛਮੀ ਏਸ਼ੀਆ ਸੰਕਟ ਬਾਰੇ ਚਰਚਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ ਗੱਲਬਾਤ ਮਗਰੋਂ ਕਿਹਾ ਕਿ ਭਾਰਤ ਪੱਛਮੀ ਏਸ਼ੀਆ ’ਚ ਫ਼ੌਰੀ ਸ਼ਾਂਤੀ ਬਹਾਲੀ ਅਤੇ ਤਣਾਅ ਘਟਾਉਣ ਦੀ ਹਮਾਇਤ ਕਰਦਾ ਹੈ। ਦੋਵੇਂ ਆਗੂਆਂ ਵਿਚਾਲੇ ਗੱਲਬਾਤ ਹਰਮੁਜ਼ ਜਲ ਮਾਰਗ ਨੂੰ ਜਹਾਜ਼ਾਂ ਦੀ ਆਵਾਜਾਈ ਸੁਰੱਖਿਅਤ ਬਣਾਉਣ ਅਤੇ ਖ਼ਿੱਤੇ ’ਚ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਦੀਆਂ ਕੋਸ਼ਿਸ਼ਾਂ ’ਤੇ ਕੇਂਦਰਤ ਰਹੀ। ਉਧਰ, ਇਰਾਨ ਦੇ ਫ਼ੌਜੀ ਅਤੇ ਸਿਆਸੀ ਆਗੂਆਂ ਨੇ ਅਮਰੀਕੀ ਰਾਸ਼ਟਰਪਤੀ ਦੇ ਵਾਰਤਾ ਬਾਰੇ ਦਿੱਤੇ ਬਿਆਨਾਂ ਨੂੰ ਨਕਾਰ ਦਿੱਤਾ ਹੈ। ਇਰਾਨੀ ਫ਼ੌਜ ਦੀ ਸਿਖਰਲੀ ਕਮਾਂਡ ਖ਼ਾਤਮ-ਅਲ ਅਨਬੀਆ ਦੇ ਤਰਜਮਾਨ ਮੇਜਰ ਜਨਰਲ ਅਲੀ ਅਬਦੁੱਲਾਹੀ ਆਲੀਆਬਾਦੀ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਮੁਕੰਮਲ ਜਿੱਤ ਹਾਸਲ ਕਰਨ ਤੱਕ ਜੰਗ ਲੜੇਗੀ। ਜਨਰਲ ਦੇ ਇਸ ਬਿਆਨ ਤੋਂ ਜਾਪਦਾ ਹੈ ਕਿ ਫ਼ੌਜ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਲਈ ਸਹਿਮਤ ਨਹੀਂ ਹੈ।

ਟਰੰਪ ਵੱਲੋਂ ਇਰਾਨ ਨੂੰ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਪੰਜ ਹੋਰ ਦਿਨ ਦਿੱਤੇ ਜਾਣ ਦੇ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਮੋਦੀ ਨੂੰ ਫੋਨ ’ਤੇ ਤਾਜ਼ਾ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਮੋਦੀ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਹ ਅੱਗੇ ਵੀ ਇਕ-ਦੂਜੇ ਦੇ ਸੰਪਰਕ ’ਚ ਰਹਿਣ ਲਈ ਸਹਿਮਤ ਹੋਏ ਹਨ।

ਲੋਕ ਕਿਸੇ ਵੀ ਸੰਕਟ ਦੇ ਟਾਕਰੇ ਲਈ ਤਿਆਰ ਰਹਿਣ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਨਿਆ ਕਿ ਪੱਛਮੀ ਏਸ਼ੀਆ ਸੰਕਟ ਕਰ ਕੇ ਹਾਲਾਤ ਲਗਾਤਾਰ ਬਦਲ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਿਸੇ ਵੀ ਸੰਭਾਵੀ ਸਥਿਤੀ ਦੇ ਟਾਕਰੇ ਲਈ ਤਿਆਰ ਰਹਿਣ। ਉਨ੍ਹਾਂ ਪੱਛਮੀ ਏਸ਼ੀਆ ਜੰਗ ਦੇ ਸੰਭਾਵੀ ਸਿੱਟਿਆਂ ਨਾਲ ਨਜਿੱਠਣ ਲਈ ਵਿਸ਼ੇਸ਼ ਅਧਿਕਾਰਾਂ ਵਾਲੇ ਸੱਤ ਸਮੂਹ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਰਾਜਾਂ ਨੂੰ ਇਸ ਸੰਕਟ ਤੋਂ ਬਚਣ ਲਈ ‘ਟੀਮ ਇੰਡੀਆ’ ਪਹੁੰਚ ਤਹਿਤ ਕੇਂਦਰ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਰਕਾਰ ਨੇ ਪੱਛਮੀ ਏਸ਼ੀਆ ਸੰਕਟ ਬਾਰੇ ਚਰਚਾ ਲਈ ਬੁੱਧਵਾਰ ਸ਼ਾਮੀਂ ਪੰਜ ਵਜੇ ਸਰਬ ਪਾਰਟੀ ਮੀਟਿੰਗ ਸੱਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਬੈਠਕ ਦੀ ਅਗਵਾਈ ਕਰਨਗੇ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਕੇਰਲਾ ਵਿੱਚ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਕਰ ਕੇ ਸਰਬ ਪਾਰਟੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ।

ਪ੍ਰਧਾਨ ਮੰਤਰੀ ਨੇ ਰਾਜ ਸਭਾ ’ਚ ਦਿੱਤੇ ਬਿਆਨ ਵਿੱਚ ਜੰਗ ਦੇ ਗੰਭੀਰ ਸਿੱਟਿਆਂ ਵੱਲ ਇਸ਼ਾਰਾ ਕਰਦਿਆਂ ਕੋਵਿਡ-19 ਦੌਰਾਨ ਦੇਸ਼ ਦੀ ਪ੍ਰਤੀਕਿਰਿਆ ਨੂੰ ਯਾਦ ਕੀਤਾ, ਜਦੋਂ ਮਾਹਿਰਾਂ ਦੀ ਅਗਵਾਈ ਵਾਲੇ ਸਮੂਹ ਨੇ ਚੁਣੌਤੀਆਂ ਨਾਲ ਨਜਿੱਠਣ ’ਚ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਸੱਤ ਸਮੂਹ ਈਂਧਣ, ਖਾਦਾਂ, ਗੈਸ, ਸਪਲਾਈ ਚੇਨਾਂ ਤੇ ਮਹਿੰਗਾਈ ਬਾਰੇ ਵੀ ਰਣਨੀਤੀਆਂ ਤਿਆਰ ਕਰਨਗੇ। ਪ੍ਰਧਾਨ ਮੰਤਰੀ ਨੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਸੰਕਟ ਦਾ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਸੂਬਾਂ ਸਰਕਾਰਾਂ ਨੂੰ ਕਾਲਾਬਾਜ਼ਾਰੀ ਤੇ ਜਮ੍ਹਾਂਖੋਰੀ ’ਤੇ ਰੋਕ ਲਾਉਣ ਲਈ ਕਿਹਾ। ਉਨ੍ਹਾਂ ਯਕੀਨ ਦਿਵਾਇਆ ਕਿ ਖਾੜੀ ਮੁਲਕਾਂ ’ਚ ਰਹਿ ਰਹੇ ਇਕ ਕਰੋੜ ਭਾਰਤੀਆਂ ਦੀ ਜ਼ਿੰਦਗੀ ਤੇ ਰੋਜ਼ੀ-ਰੋਟੀ ਦੀ ਸੁਰੱਖਿਆ ਭਾਰਤ ਲਈ ਵੱਡਾ ਮਸਲਾ ਹੈ।

Share: