ਮੈਡੀਕਲ ਸਟੋਰ ਮਾਲਕ ਨੂੰ ਗੋਲੀ ਮਾਰੀ

ਗੜ੍ਹਸ਼ੰਕਰ: ਬੀਤੀ ਰਾਤ ਕਰੀਬ ਸਾਢੇ ਨੌਂ ਵਜੇ ਸਥਾਨਕ ਚੰਡੀਗੜ੍ਹ-ਹੁਸ਼ਿਆਰਪੁਰ ਰੋਡ ’ਤੇ ਸਥਿਤ ਅੱਡਾ ਸਮੁੰਦੜਾ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਵੱਲੋਂ ਮੈਡੀਕਲ ਸਟੋਰ ਦੇ ਮਾਲਕ ਨੂੰ ਗੋਲੀ ਮਾਰ ਦਿੱਤੀ ਗਈ। ਹੈਪੀ ਮੈਡੀਕਲ ਸਟੋਰ ਅੱਡਾ ਸਮੁੰਦੜਾ ਦਾ ਮਾਲਕ ਤਰਸੇਮ ਲਾਲ ਵਾਸੀ ਸਮੁੰਦੜਾ ਆਪਣੇ ਮੈਡੀਕਲ ਸਟੋਰ ਦੇ ਬਾਹਰ ਖੜ੍ਹਾ ਸੀ ਕਿ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਰਿਵਾਲਵਰ ਵਿੱਚੋਂ ਗੋਲੀ ਚਲਾ ਦਿੱਤੀ, ਜੋ ਤਰਸੇਮ ਲਾਲ ਦੀ ਵੱਖੀ ਵਿੱਚ ਲੱਗੀ। ਜ਼ਖ਼ਮੀ ਤਰਸੇਮ ਲਾਲ ਨੂੰ ਪਹਿਲਾਂ ਸਿਵਲ ਹਸਪਤਾਲ ਗੜ੍ਹਸ਼ੰਕਰ ਅਤੇ ਮਗਰੋਂ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡੀ ਐੱਸ ਪੀ ਰਣਜੀਤ ਸਿੰਘ ਖੱਖ ਨੇ ਦੱਸਿਆ ਕਿ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇਸ ਸਬੰਧੀ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ।

Share: