ਚੰਡੀਗੜ੍ਹ: ਇਸ ਸਾਲ ਸੂਰਜ ਗ੍ਰਹਿਣ ਦੇ ਮਹਿਜ਼ 15 ਦਿਨਾਂ ਦੇ ਅੰਦਰ ਫੱਗਣ ਸ਼ੁਕਲ ਪੂਰਨਮਾਸ਼ੀ ਦੇ ਦਿਨ ਭਾਵ ਅੱਜ 3 ਮਾਰਚ 2026 ਨੂੰ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਇਸ ਦੌਰਾਨ ਸੂਰਜ, ਚੰਦਰਮਾ ਅਤੇ ਧਰਤੀ ਇੱਕ ਸਿੱਧੀ ਰੇਖਾ ਵਿੱਚ ਹੋਣਗੇ ਅਤੇ ਧਰਤੀ ਦੀ ਛਾਂ ਚੰਦਰਮਾ ‘ਤੇ ਪੈਣ ਨਾਲ ਇਹ ਖਗੋਲੀ (Astronomical Event) ਘਟਨਾ ਵਾਪਰੇਗੀ।
ਡੇਰਾ ਸਿੱਧ ਸ਼ਿਵ ਮੰਦਰ ਚੰਡੀਗੜ੍ਹ ਦੇ ਪੰਡਿਤ ਜਿਓਤਿਰਵਿਦ ਵਿਜੇ ਪ੍ਰਕਾਸ਼ ਸ਼ਾਸਤਰੀ ਅਨੁਸਾਰ ਇਹ ਚੰਦਰ ਗ੍ਰਹਿਣ ਧਾਰਮਿਕ ਅਤੇ ਜੋਤਿਸ਼ ਦ੍ਰਿਸ਼ਟੀ ਤੋਂ ਵਿਸ਼ੇਸ਼ ਮਹੱਤਵ ਰੱਖਦਾ ਹੈ। ਪੰਚਾਂਗ ਅਨੁਸਾਰ ਚੰਦਰ ਗ੍ਰਹਿਣ 03 ਮਾਰਚ 2026 ਨੂੰ ਦੁਪਹਿਰ 3:21 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 6:47 ਵਜੇ ਸਮਾਪਤ ਹੋਵੇਗਾ, ਜਿਸ ਦੀ ਕੁੱਲ ਮਿਆਦ ਲਗਪਗ 3 ਘੰਟੇ 25 ਮਿੰਟ ਰਹੇਗੀ। ਚੰਡੀਗੜ੍ਹ ਵਿੱਚ ਚੰਦਰ ਗ੍ਰਹਿਣ ਸ਼ਾਮ 05:20 ਵਜੇ ਸ਼ੁਰੂ ਹੋ ਕੇ ਸ਼ਾਮ 06:47 ਵਜੇ ਖਤਮ ਹੋਵੇਗਾ। ਗ੍ਰਹਿਣ ਦਾ ਸੂਤਕ ਕਾਲ 9 ਘੰਟੇ ਪਹਿਲਾਂ ਸਵੇਰੇ 6:20 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ ਦੌਰਾਨ ਪੂਜਾ-ਪਾਠ ਅਤੇ ਸ਼ੁਭ ਕੰਮ ਵਰਜਿਤ ਮੰਨੇ ਜਾਂਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਗ੍ਰਹਿਣ ਕਾਲ ਵਿੱਚ ਗਾਇਤਰੀ ਮੰਤਰ ਅਤੇ ਮਹਾਮ੍ਰਿਤੁੰਜੇ ਮੰਤਰ ਦਾ ਜਾਪ ਅਤਿ ਸ਼ੁਭ ਅਤੇ ਕਰੋੜਾਂ ਗੁਣਾ ਫਲਦਾਇਕ ਹੁੰਦਾ ਹੈ।
ਇਹ ਗ੍ਰਹਿਣ ਭਾਰਤ ਸਮੇਤ ਏਸ਼ੀਆ, ਆਸਟ੍ਰੇਲੀਆ ਅਤੇ ਅਫਰੀਕਾ ਵਿੱਚ ਦਿਖਾਈ ਦੇਵੇਗਾ। ਪੰਡਿਤ ਸ਼ਾਸਤਰੀ ਮੁਤਾਬਕ ਸੂਤਕ ਕਾਲ ਵਿੱਚ ਭੋਜਨ ਬਣਾਉਣਾ, ਖਾਣਾ, ਸੌਣਾ ਅਤੇ ਮੂਰਤੀਆਂ ਨੂੰ ਛੂਹਣਾ ਮਨ੍ਹਾ ਹੈ; ਹਾਲਾਂਕਿ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਛੋਟ ਹੈ। ਗ੍ਰਹਿਣ ਤੋਂ ਬਾਅਦ ਇਸ਼ਨਾਨ ਕਰਨਾ, ਘਰ ਵਿੱਚ ਗੰਗਾ ਜਲ ਛਿੜਕਣਾ ਅਤੇ ਦਾਨ ਕਰਨਾ ਉੱਤਮ ਮੰਨਿਆ ਜਾਂਦਾ ਹੈ।

