ਅੰਮ੍ਰਿਤਸਰ: ਜੰਡਿਆਲਾ ਗੁਰੂ ਦੇ ਨਵੀਂ ਆਬਾਦੀ ਇਲਾਕੇ ਵਿੱਚ ਇੱਕ 15 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕਰੀਬ ਇੱਕ ਮਹੀਨਾ ਪਹਿਲਾਂ ਵਾਪਰੀ ਸੀ, ਪਰ ਇਸ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਮੁਲਜ਼ਮ ਨੇ ਘਟਨਾ ਦੌਰਾਨ ਬਣਾਈ ਵੀਡੀਓ ਨੂੰ ਕਥਿਤ ਤੌਰ ’ਤੇ ਵਾਇਰਲ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਦੀ ਪਛਾਣ ਉਸੇ ਇਲਾਕੇ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਵਜੋਂ ਕੀਤੀ ਹੈ।
ਪੀੜਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੀ ਭੈਣ ਨੂੰ ਮਿਲਣ ਜੰਡਿਆਲਾ ਗੁਰੂ ਗਈ ਹੋਈ ਸੀ, ਜਿੱਥੇ ਉਸ ਦੀ ਤਬੀਅਤ ਖ਼ਰਾਬ ਹੋ ਗਈ। ਜਦੋਂ ਉਹ ਦਵਾਈ ਲੈਣ ਲਈ ਡਾਕਟਰ ਕੋਲ ਜਾ ਰਹੀ ਸੀ, ਤਾਂ ਰਸਤੇ ਵਿੱਚ ਉਸ ਨੂੰ ਗੁਆਂਢ ਵਿੱਚ ਰਹਿਣ ਵਾਲਾ ਨਿਸ਼ਾਨ ਸਿੰਘ ਮਿਲਿਆ। ਮੁਲਜ਼ਮ ਨੇ ਉਸ ਨੂੰ ਮੋਟਰਸਾਈਕਲ ’ਤੇ ਲਿਫਟ ਦੇਣ ਦੀ ਪੇਸ਼ਕਸ਼ ਕੀਤੀ, ਪਰ ਡਾਕਟਰ ਕੋਲ ਲੈ ਕੇ ਜਾਣ ਦੀ ਬਜਾਏ ਉਹ ਉਸ ਨੂੰ ਇੱਕ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮ ਨੇ ਇਸ ਘਿਨਾਉਣੀ ਹਰਕਤ ਦੀ ਵੀਡੀਓ ਵੀ ਬਣਾ ਲਈ ਅਤੇ ਲੜਕੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਵੀਡੀਓ ਜਨਤਕ ਕਰ ਦੇਵੇਗਾ। ਡਰ ਦੇ ਮਾਰੇ ਲੜਕੀ ਚੁੱਪ ਰਹੀ, ਪਰ ਜਦੋਂ ਉਸ ਦੇ ਜੀਜੇ ਨੇ ਉਸ ਦੇ ਪਿਤਾ ਨੂੰ ਵੀਡੀਓ ਬਾਰੇ ਦੱਸਿਆ, ਤਾਂ ਸਾਰੀ ਸੱਚਾਈ ਸਾਹਮਣੇ ਆਈ।
ਜੰਡਿਆਲਾ ਗੁਰੂ ਪੁਲੀਸ ਨੇ ਮੁਲਜ਼ਮ ਵਿਰੁੱਧ ਬੀ.ਐਨ.ਐਸ. (BNS) ਦੀਆਂ ਧਾਰਾਵਾਂ 64, 77, 351 ਅਤੇ ਪੋਕਸੋ ਐਕਟ ਦੀ ਧਾਰਾ 4 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਇੱਕ ਮਹਿਲਾ ਪੁਲੀਸ ਅਧਿਕਾਰੀ ਨੂੰ ਸੌਂਪੀ ਗਈ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
