ਜਲੰਧਰ: ਜਲੰਧਰ ਸ਼ਹਿਰ ਵਿੱਚ ਸੋਮਵਾਰ ਸਵੇਰੇ ਦੋ ਵੱਡੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਸਕੂਲਾਂ ਵਿੱਚ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ। ਨਿਸ਼ਾਨੇ ’ਤੇ ਆਏ ਸਕੂਲਾਂ ਵਿੱਚ ਪੀ.ਏ.ਪੀ. (PAP) ਗਰਾਊਂਡ ਦੇ ਅੰਦਰ ਸਥਿਤ ਪੁਲੀਸ ਡੀ.ਏ.ਵੀ. ਪਬਲਿਕ ਸਕੂਲ ਅਤੇ ਰਾਮਾ ਮੰਡੀ ਸਥਿਤ ਏਪੀਜੇ (Apeejay) ਸਕੂਲ ਦੀ ਬ੍ਰਾਂਚ ਸ਼ਾਮਲ ਹਨ। ਦਸ ਦਈਏ ਪੁਲੀਸ ਡੀ.ਏ.ਵੀ. ਸਕੂਲ ਵਿੱਚ ਜ਼ਿਆਦਾਤਰ ਪੰਜਾਬ ਪੁਲੀਸ ਮੁਲਾਜ਼ਮਾਂ ਦੇ ਬੱਚੇ ਪੜ੍ਹਦੇ ਹਨ। ਇਸ ਸਬੰਧੀ ਕਮਿਸ਼ਨਰਰੇਟ ਪੁਲੀਸ ਨੇ ਧਮਕੀ ਭਰੀ ਈਮੇਲ ਦੀ ਸੂਚਨਾ ਮਿਲਣ ਤੋਂ ਬਾਅਦ ਭਾਰੀ ਪੁਲੀਸ ਫੋਰਸ ਨਾਲ ਸਕੂਲਾਂ ਵਿੱਚ ਜਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਧਮਕੀ ਭਰੇ ਈਮੇਲ ਮਿਲਣ ਨਾਲ ਸਕੂਲਾਂ ਸਮੇਤ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜ਼ਿਕਰ ਯੋਗ ਹੈ ਕੀ ਜਲੰਧਰ ਦੇ ਸਕੂਲਾਂ ਨੂੰ ਇਸ ਤੋਂ ਪਹਿਲਾਂ ਵੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਸੀ। ਬੱਚਿਆਂ ਅਤੇ ਮਾਪਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਣ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਨੇ ਹਾਲੇ ਤੱਕ ਬੱਚਿਆਂ ਨੂੰ ਛੁੱਟੀ ਨਹੀਂ ਕੀਤੀ।
ਪੁਲੀਸ ਦਾ ਦਾਅਵਾ ਹੈ ਕੀ ਜਾਂਚ ਚੱਲ ਰਹੀ ਹੈ ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਈਮੇਲ ਕਿੱਥੋਂ ਆਈ ਹੈ। ਇਸ ਸਬੰਧੀ ਟੈਕਨੀਕਲ ਟੀਮਾਂ ਈਮੇਲ ਟਰੇਸ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ।

