ਵਾਸ਼ਿੰਗਟਨ: ਇਰਾਨ ਨਾਲ ਜਾਰੀ ਜੰਗ ਦੇ ਚਲਦਿਆਂ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਅਮਰੀਕਾ ਨੇ ਇੱਕ ਅਹਿਮ ਫੈਸਲਾ ਲਿਆ ਹੈ। ਟਰੰਪ ਪ੍ਰਸ਼ਾਸਨ ਨੇ ਹੋਰਨਾਂ ਦੇਸ਼ਾਂ ਨੂੰ ਵੀ ਉਹ ਰੂਸੀ ਤੇਲ ਖਰੀਦਣ ਦੀ ਅਸਥਾਈ ਇਜਾਜ਼ਤ ਦੇ ਦਿੱਤੀ ਹੈ ਜੋ ਇਸ ਵੇਲੇ ਸਮੁੰਦਰ ਵਿੱਚ ਜਹਾਜ਼ਾਂ ਰਾਹੀਂ ਸਪਲਾਈ ਲਈ ਰੁਕਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਸਿਰਫ਼ ਭਾਰਤ ਨੂੰ ਰੂਸੀ ਤੇਲ ਖਰੀਦਣ ਲਈ ਵਿਸ਼ੇਸ਼ ਛੋਟ ਦਿੱਤੀ ਸੀ, ਤਾਂ ਜੋ 28 ਫਰਵਰੀ ਤੋਂ ਸ਼ੁਰੂ ਹੋਈ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਆਏ ਵਾਧੇ ਨੂੰ ਕਾਬੂ ਕੀਤਾ ਜਾ ਸਕੇ। ਅਮਰੀਕੀ ਖ਼ਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਵਿਸ਼ਵ ਊਰਜਾ ਬਾਜ਼ਾਰ ਵਿੱਚ ਸਥਿਰਤਾ ਲਿਆਉਣ ਲਈ ਇਹ ਕਦਮ ਚੁੱਕ ਰਹੇ ਹਨ। ਬੇਸੈਂਟ ਅਨੁਸਾਰ, ਇਹ ਛੋਟ ਬਹੁਤ ਹੀ ਸੀਮਤ ਸਮੇਂ ਲਈ ਹੈ ਅਤੇ ਸਿਰਫ਼ ਉਸ ਤੇਲ ’ਤੇ ਲਾਗੂ ਹੋਵੇਗੀ ਜੋ ਪਹਿਲਾਂ ਹੀ ਰਸਤੇ ਵਿੱਚ (In Transit) ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਫੈਸਲੇ ਨਾਲ ਰੂਸੀ ਸਰਕਾਰ ਨੂੰ ਕੋਈ ਵੱਡਾ ਵਿੱਤੀ ਲਾਭ ਨਹੀਂ ਹੋਵੇਗਾ, ਕਿਉਂਕਿ ਰੂਸ ਨੂੰ ਤੇਲ ’ਤੇ ਹੋਣ ਵਾਲੀ ਅਸਲ ਕਮਾਈ ਤੇਲ ਕੱਢਣ ਵੇਲੇ ਲੱਗਣ ਵਾਲੇ ਟੈਕਸਾਂ ਤੋਂ ਹੁੰਦੀ ਹੈ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਕਦਮ ਅਮਰੀਕੀ ਅਰਥਵਿਵਸਥਾ ਅਤੇ ਆਮ ਲੋਕਾਂ ਨੂੰ ਤੇਲ ਦੀਆਂ ਮਹਿੰਗੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਚੁੱਕਿਆ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਰਾਨ ਨਾਲ ਚੱਲ ਰਹੀ ਜੰਗ ਦਾ ਕੋਈ ਪੱਕਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਤੇਲ ਦੀ ਸਪਲਾਈ ਨੂੰ ਬਰਕਰਾਰ ਰੱਖਣਾ ਅਮਰੀਕਾ ਲਈ ਇੱਕ ਵੱਡੀ ਚੁਣੌਤੀ ਬਣਿਆ ਰਹੇਗਾ।

