ਦੁਬਈ: ਇਰਾਨ ਨੇ ਵੀਰਵਾਰ ਨੂੰ ਇਜ਼ਰਾਈਲ ਤੇ ਅਮਰੀਕੀ ਟਿਕਾਣਿਆਂ ਅਤੇ ਖ਼ਿੱਤੇ ਦੇ ਆਲੇ-ਦੁਆਲੇ ਮੁਲਕਾਂ ’ਤੇ ਨਵੇਂ ਸਿਰਿਓਂ ਹਮਲੇ ਕੀਤੇ ਹਨ। ਤਹਿਰਾਨ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਨੂੰ ਹਿੰਦ ਮਹਾਸਾਗਰ ’ਚ ਇਰਾਨੀ ਜੰਗੀ ਬੇੜੇ ਨੂੰ ਤਾਰਪੀਡੋ ਕਰਨ ਦਾ ‘ਵੱਡਾ ਅਫਸੋੋਸ’ ਹੋਵੇਗਾ। ਜੰਗ ਕਰ ਕੇ ਇਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 1230 ਹੋ ਗਈ ਹੈ ਜਦੋਂਕਿ ਲਿਬਨਾਨ ਵਿੱਚ 70 ਤੇ ਦਰਜਨ ਦੇ ਕਰੀਬ ਲੋਕ ਇਜ਼ਰਾਈਲ ਵਿੱਚ ਮਾਰੇ ਗਏ ਹਨ। ਅਮਰੀਕਾ ਨੇ ਵੀ ਜੰਗ ’ਚ ਛੇ ਫੌਜੀਆਂ ਦੇ ਹਲਾਕ ਹੋਣ ਦਾ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਰਾਨ ਦਾ ਅਗਲਾ ਸੁਪਰੀਮ ਆਗੂ ਚੁਣਨ ਦੇ ਅਮਲ ’ਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਰਹੂਮ ਆਇਤੁੱਲਾ ਅਲੀ ਖਮੇਨੇਈ ਦੇ ਜਾਨਸ਼ੀਨ ਵਜੋਂ ਉਸ ਦੇ ਪੁੱਤਰ ਮੁਜਤਬਾ ਖਮੇਨੇਈ ਦਾ ਨਾਮ ਸਵੀਕਾਰ ਨਹੀਂ ਹੈ।
ਇਜ਼ਰਾਈਲ ਤੇ ਅਮਰੀਕਾ ਨੇ ਅੱਜ ਛੇਵੇਂ ਦਿਨ ਤਹਿਰਾਨ ’ਤੇ ਹਵਾਈ ਹਮਲੇ ਜਾਰੀ ਰੱਖੇ। ਜੰਗ ਦਾ ਘੇਰਾ ਲਗਾਤਾਰ ਵਧ ਰਿਹਾ ਹੈ। ਮੱਧ ਪੂਰਬ ਤੇ ਇਸ ਤੋਂ ਬਾਹਰ 14 ਹੋਰ ਮੁਲਕ ਇਸ ਦੀ ਮਾਰ ਹੇਠ ਹਨ। ਆਜ਼ਰਬਾਇਜਾਨ ਨੇ ਵੀਰਵਾਰ ਨੂੰ ਇਰਾਨ ’ਤੇ ਡਰੋਨਾਂ ਨਾਲ ਹਮਲਾ ਕਰਨ ਦਾ ਦੋਸ਼ ਲਾਇਆ। ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਕਿਹਾ ਕਿ ਇਕ ਡਰੋਨ ਨਾਖਚਿਵਾਨ ਵਿੱਚ ਹਵਾਈ ਅੱਡੇ ਨੇੜੇ ਡਿੱਗਿਆ। ਦੂਜਾ ਸਕੂਲ ਨੇੜੇ ਡਿੱਗਾ ਤੇ ਦੋ ਸਿਵਲੀਅਨ ਜ਼ਖ਼ਮੀ ਹੋ ਗਏ। ਤਹਿਰਾਨ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਧਰ ਅਮਰੀਕਾ ਨੇ ਇਕ ਦਿਨ ਪਹਿਲਾਂ ਸ੍ਰ੍ਰੀਲੰਕਾ ਦੇ ਪਾਣੀਆਂ ਵਿੱਚ ਇਰਾਨੀ ਜੰਗੀ ਬੇੜਾ ਡੋਬਣ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਕੁਵੈਤ ਵਿੱਚ ਵੀਰਵਾਰ ਤੜਕੇ ਟੈਂਕਰ ਹਮਲੇ ਦੀ ਜ਼ੱਦ ਵਿਚ ਆ ਗਿਆ। ਇਸ ਦੌਰਾਨ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ’ਤੇ ਹਮਲੇ ਜਾਰੀ ਰੱਖੇ ਤੇ ਉਨ੍ਹਾਂ ਦੀ ਫੌਜੀ ਲੀਡਰਸ਼ਿਪ ਤੇ ਪਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ। ਇਰਾਨ ਨੇ ਜਵਾਬੀ ਕਾਰਵਾਈ ਵਿੱਚ ਅਰਬ ਮੁਲਕਾਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਦੇ ਤਲ ਅਵੀਵ ਅਤੇ ਯੇਰੂਸ਼ਲਮ ਵਿੱਚ ਮਿਜ਼ਾਈਲ ਹਮਲਿਆਂ ਨੂੰ ਲੈ ਕੇ ਹਵਾਈ ਸਾਇਰਨ ਸੁਣੇ ਗਏ। ਆਬੂ ਧਾਬੀ ਵਿੱਚ ਅਮਰੀਕੀ ਸੁਰੱਖਿਆ ਬਲਾਂ ਦੀ ਮੌਜੂਦਗੀ ਵਾਲੇ ਅਲ ਦਾਫਰਾ ਏਅਰ ਬੇਸ ਨੇੜੇ ਡਰੋਨ ਫੁੰਡਿਆ ਗਿਆ। ਕਤਰ ਨੇ ਦੋਹਾ ਵਿੱਚ ਅਮਰੀਕੀ ਦੂਤਾਵਾਸ ਨੇੜਿਓਂ ਥਾਂ ਖਾਲੀ ਕਰਵਾ ਲਈ। ਸਾਊਦੀ ਅਰਬ ਨੇ ਜੌਰਡਨ ਨਾਲ ਲੱਗਦੇ ਸਰਹੱਦੀ ਸੂਬੇ ’ਚ ਡੋਰਨ ਫੁੰਡਣ ਦਾ ਦਾਅਵਾ ਕੀਤਾ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਅਮਰੀਕੀ ਜਲਸੈਨਾ ’ਤੇ ਹਫ਼ਤੇ ਦੇ ਸ਼ੁਰੂ ਵਿੱਚ ਹਿੰਦ ਮਹਾਸਾਗਰ ਵਿੱਚ ਇਰਾਨੀ ਜੰਗੀ ਬੇੜੇ ਆਈ ਆਰ ਆਈ ਐੱਸ ਦੇਨਾ ਨੂੰ ਡੋਬਣ ਦਾ ਦੋਸ਼ ਲਗਾਇਆ। ਅਰਾਗ਼ਚੀ ਨੇ ਦਾਅਵਾ ਕੀਤਾ ਕਿ ਅਮਰੀਕਾ ਦੀ ਇਸ ਕਾਰਵਾਈ ਵਿੱਚ ਘੱਟੋ-ਘੱਟ 87 ਲੋਕ ਮਾਰੇ ਗਏ ਸਨ। ਇਸ ਦੌਰਾਨ ਇਰਾਨੀ ਮੌਲਵੀ ਆਇਤੁੱਲਾ ਅਬਦੁੱਲਾ ਜਾਵਦੀ ਅਮੋਲੀ ਨੇ ਸਰਕਾਰੀ ਟੈਲੀਵਿਜ਼ਨ ’ਤੇ ਇਜ਼ਰਾਈਲ ਤੇ ਅਮਰੀਕਾ, ਦੋਵਾਂ ਦਾ ਖੂਨ ਵਹਾਉਣ ਦਾ ਸੱਦਾ ਦਿੱਤਾ ਹੈ। ਇਜ਼ਰਾਈਲ ਨੇ ਇਰਾਨ ਦੀ ਹਮਾਇਤ ਵਾਲੇ ਦਹਿਸ਼ਤੀ ਸਮੂਹ ਹਿਜ਼ਬੁੱਲਾ ਨੂੰ ਨਿਸ਼ਾਨਾ ਬਣਾਉਣ ਲਈ ਲਿਬਨਾਨ ’ਤੇ ਹਮਲੇ ਤੇਜ਼ ਕਰਨ ਦੀ ਤਿਆਰੀ ਖਿੱਚ ਲਈ ਹੈ। ਇਰਾਨ ਨੇ ਲੰਮੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਨਾਲ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਬੈਰੂਤ ਦੇ ਦੱਖਣੀ ਨੀਮ ਸ਼ਹਿਰੀ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ। ਇਜ਼ਰਾਇਲੀ ਫੌਜ ਨੇ ਪਿਛਲੇ 24 ਘੰਟਿਆਂ ਵਿੱਚ ਬੈਰੂਤ ’ਚ ਹਿਜ਼ਬੁੱਲਾ ਵੱਲੋਂ ਵਰਤੇ ਜਾਂਦੇ ‘ਕਈ ਕਮਾਂਡ ਸੈਂਟਰਾਂ’ ਉੱਤੇ ਹਮਲੇ ਕੀਤੇ ਹਨ।
ਫ਼ੌਜੀ ਟਕਰਾਅ ਮਸਲੇ ਦਾ ਹੱਲ ਨਹੀਂ: ਮੋਦੀ
ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਵਿਆਪਕ ਖੇਤਰੀ ਜੰਗ ਦੇ ਖ਼ਤਰੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖ਼ਿੱਤੇ ਵਿੱਚ ਵਧਦੇ ਸੰਘਰਸ਼ ਨੂੰ ਤੁਰੰਤ ਖ਼ਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁੱਦੇ ਨੂੰ ਫੌਜੀ ਟਕਰਾਅ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਟਿੱਪਣੀਆਂ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਕੀਤੀਆਂ। ਰਾਸ਼ਟਰਪਤੀ ਸਟੱਬ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਭਾਰਤ ਦੀ ਸਥਾਈ ਸੀਟ ਦੀ ਦਾਅਵੇਦਾਰੀ ਦਾ ਪੁਰਜ਼ੋਰ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਭੂ-ਸਿਆਸੀ ਹਕੀਕਤਾਂ ਨੂੰ ਦਰਸਾਉਣ ਲਈ ਵਿਸ਼ਵ ਪੱਧਰੀ ਸੁਧਾਰ ਬਹੁਤ ਜ਼ਰੂਰੀ ਹਨ।

