ਮੁਹਾਲੀ: ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਅੱਜ ਸਮਾਪਤ ਹੋ ਗਿਆ, ਜਿਸ ਵਿੱਚ ਨਿਵੇਸ਼ਕਾਂ ਨੇ ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਸੂਬੇ ’ਚ 12,250 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਸਟੀਲ ਤੋਂ ਲੈ ਕੇ ਟੈਕਸਟਾਈਲ ਤੱਕ ਅਤੇ ਕੰਪਰੈੱਸਡ ਬਾਇਓਗੈਸ (ਸੀ ਬੀ ਜੀ) ਤੋਂ ਲੈ ਕੇ ਹੱਡੀਆਂ ਦੇ ਇਲਾਜ ਦੇ ਉਪਕਰਨਾਂ ਤੱਕ, ਵੱਖ-ਵੱਖ ਖੇਤਰਾਂ ਦੇ ਨਿਰਮਾਤਾਵਾਂ ਨੇ ਸੂਬੇ ਵਿੱਚ ਉਦਯੋਗੀਕਰਨ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪੰਜਾਬ ਨੂੰ ਆਰਥਿਕ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲੈ ਕੇ ਜਾਵੇਗਾ। ਪਲਾਕਸ਼ਾ ਯੂਨੀਵਰਸਿਟੀ ਨੇ ਸੂਬੇ ਵਿੱਚ 5,000 ਕਰੋੜ ਰੁਪਏ ਨਿਵੇਸ਼ ਕਰਨ ਦਾ ਸੰਕਲਪ ਲਿਆ। ਇਸ ਯੂਨੀਵਰਸਿਟੀ ਨੇ ਸੰਮੇਲਨ ਦੀ ਮੇਜ਼ਬਾਨੀ ਵੀ ਕੀਤੀ। ਜਰਮਨ ਬਾਇਓਫਿਊਲ ਕੰਪਨੀ ਵਰਬੀਓ ਇੰਡੀਆ ਦੀ ਭਾਰਤੀ ਸ਼ਾਖਾ ਨੇ ਪੰਜਾਬ ਵਿੱਚ 4,000 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਦਾ ਐਲਾਨ ਕੀਤਾ। ਨਾਹਰ ਇੰਡਸਟਰੀਜ਼ ਨੇ 1,500 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਟਾਈਨੌਰ ਆਰਥੋਟਿਕਸ ਆਪਣੇ ਕਾਰੋਬਾਰ ਦੇ ਵਿਸਤਾਰ ਲਈ 1,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ, ਜਿਸ ਦਾ ਟੀਚਾ 100 ਦੇਸ਼ਾਂ ਵਿੱਚ ਹੱਡੀਆਂ ਦੇ ਸਹਾਇਕ ਉਪਕਰਨ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਬਣਨਾ ਹੈ। ਇਸ ਤੋਂ ਇਲਾਵਾ, ਐਕਰੀਲਿਕ ਅਤੇ ਵਰਸਟਿਡ ਯਾਰਨ ਨਿਰਮਾਤਾ ਗੰਗਾ ਐਕਰੋਵੂਲਜ਼ ਨੇ ਆਪਣੇ ਕੰਮਕਾਜ ਦੇ ਵਿਸਤਾਰ ਲਈ 750 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਕੰਪਨੀ ਦੇ ਪ੍ਰਧਾਨ ਅਮਿਤ ਥਾਪਰ ਨੇ ਕਿਹਾ, ‘‘ਅਸੀਂ ਸ਼ੁਰੂ ਵਿੱਚ 250 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਬਣਾਈ ਸੀ, ਪਰ ਸੁਖਾਵੇਂ ਉਦਯੋਗਿਕ ਮਾਹੌਲ ਅਤੇ ਉਦਯੋਗ-ਪੱਖੀ ਨੀਤੀ ਤੋਂ ਉਤਸ਼ਾਹਿਤ ਹੋ ਕੇ ਅਸੀਂ ਆਪਣਾ ਨਿਵੇਸ਼ ਤਿੱਗਣਾ ਕਰ ਦਿੱਤਾ ਹੈ।’’
ਇਹ ਸੰਮੇਲਨ ਪਿਛਲੇ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਸੀ, ਜਦੋਂ ਆਰਸੇਲਰਮਿੱਤਲ ਦੇ ਕਾਰਜਕਾਰੀ ਚੇਅਰਮੈਨ ਲਕਸ਼ਮੀ ਐੱਨ ਮਿੱਤਲ ਸਣੇ ਚੋਟੀ ਦੇ ਕਾਰੋਬਾਰੀਆਂ ਨੇ 10,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਉਦਯੋਗ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ, ‘‘ਅਸੀਂ ਪੰਜਾਬ ਨੂੰ ਪ੍ਰਮੁੱਖ ਨਿਵੇਸ਼ ਸਥਾਨ ਵਜੋਂ ਪੇਸ਼ ਕਰਨਾ ਚਾਹੁੰਦੇ ਸੀ ਅਤੇ ਇਹ ਦਿਖਾਉਣਾ ਚਾਹੁੰਦੇ ਸੀ ਕਿ ਸੂਬੇ ਵਿੱਚ ਨਿਵੇਸ਼ਕਾਂ ਨੂੰ ਕਿਵੇਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸਾਡਾ ਮਕਸਦ ਸਿਰਫ਼ ਅਜਿਹੇ ਸਮਝੌਤਿਆਂ ’ਤੇ ਦਸਤਖ਼ਤ ਕਰਨਾ ਨਹੀਂ ਸੀ ਜੋ ਸ਼ਾਇਦ ਹੀ ਅਸਲ ਨਿਵੇਸ਼ ਵਿੱਚ ਬਦਲਦੇ ਹੋਣ, ਜਿਵੇਂ ਕਿ ਅਕਸਰ ਪਹਿਲਾਂ ਹੁੰਦਾ ਰਿਹਾ ਹੈ। ਇਸ ਸੰਮੇਲਨ ਦੀ ਸਫਲਤਾ ਉਦਯੋਗਪਤੀਆਂ ਵੱਲੋਂ ਕੀਤੇ ਗਏ ਠੋਸ ਵਾਅਦਿਆਂ ਵਿੱਚ ਹੈ।’’ ਸੰਮੇਲਨ ਵਿੱਚ ਲਗਪਗ 6,000 ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਉਦਯੋਗਿਕ ਖੇਤਰਾਂ ’ਤੇ 30 ਸੈਸ਼ਨ ਕਰਵਾਏ ਗਏ। ਨਿਵੇਸ਼ਕਾਂ ਨੇ ਸਭ ਤੋਂ ਵੱਧ ਦਿਲਚਸਪੀ ਕੱਪੜਾ ਉਦਯੋਗ, ਸਟੀਲ ਅਤੇ ਸੂਚਨਾ ਤਕਨਾਲੋਜੀ ਤੇ ਸੂਚਨਾ ਤਕਨਾਲੋਜੀ ਸਮਰਥਿਤ ਸੇਵਾਵਾਂ ਖੇਤਰਾਂ ਵਿੱਚ ਦਿਖਾਈ।
ਹਰੇਕ ਪ੍ਰਾਜੈਕਟ ਦੀ ਸਮੀਖਿਆ ਲਈ ਛੇ ਮਹੀਨਿਆਂ ਬਾਅਦ ਨਿਵੇਸ਼ਕਾਂ ਨੂੰ ਮੁੜ ਮਿਲਾਂਗੇ: ਮਾਨ
ਮੁਹਾਲੀ ਵਿੱਚ ਚੱਲ ਰਿਹਾ ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਅੱਜ ਸਮਾਪਤ ਹੋ ਗਿਆ। ਅਖ਼ੀਰਲੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਉਦਯੋਗ ਲਈ ਸਰਕਾਰ ਵੱਲੋਂ ਪੂਰਾ ਸਹਿਯੋਗ ਅਤੇ ਰਿਆਇਤਾਂ ਦੇਣ ਦਾ ਭਰੋਸਾ ਦਿੱਤਾ। ਆਲਮੀ ਅਤੇ ਕੌਮੀ ਨਿਵੇਸ਼ਕਾਂ ਦੀ ਮਜ਼ਬੂਤ ਭਾਈਵਾਲੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਨੇ ਉਦਯੋਗਿਕ ਵਿਕਾਸ ਲਈ ਅਜਿਹਾ ਮਾਹੌਲ ਸਿਰਜਿਆ ਹੈ ਜੋ ਸੂਬੇ ਦੀ ਆਰਥਿਕ ਤਰੱਕੀ ਨੂੰ ਹੋਰ ਰਫ਼ਤਾਰ ਦੇਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਸੰਮੇਲਨ ਦੌਰਾਨ ਦਿੱਤੀਆਂ ਗਈਆਂ ਨਿਵੇਸ਼ ਤਜਵੀਜ਼ਾਂ ਅਤੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਛੇ ਮਹੀਨਿਆਂ ਬਾਅਦ ਸਮੀਖਿਆ ਸੈਸ਼ਨ ਕਰੇਗੀ। ਸ੍ਰੀ ਮਾਨ ਨੇ ਕਿਹਾ ਕਿ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਤਿੰਨ ਦਿਨਾਂ ਦੌਰਾਨ ਲਗਪਗ 30 ਲੜੀਵਾਰ ਸੈਸ਼ਨ ਕਰਵਾਏ ਗਏ, ਜੋ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰਨ ਵਿੱਚ ਵਧੇਰੇ ਮਦਦਗਾਰ ਸਾਬਿਤ ਹੋਣਗੇ। ਮੁੱਖ ਮੰਤਰੀ ਨੇ ਕਿਹਾ, ‘‘ਸਾਨੂੰ ਪਹਿਲੀਆਂ ਸਰਕਾਰਾਂ ਤੋਂ ਕਰਜ਼ਾ, ਸ਼ਿਕਾਇਤਾਂ ਅਤੇ ਮਾੜੇ ਸ਼ਾਸਨ ਦੀ ਵਿਰਾਸਤ ਮਿਲੀ ਸੀ, ਪਰ ਅਸੀਂ ਸੂਬੇ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕਰ ਰਹੇ ਹਾਂ। ਉਦਯੋਗਪਤੀਆਂ ਦੀ ਬਾਂਹ ਮਰੋੜ ਕੇ ਜ਼ਬਰਦਸਤੀ ਸਮਝੌਤੇ ਕਰਨ ਦੀ ਪੁਰਾਣੀ ਪ੍ਰਥਾ ਹੁਣ ਖ਼ਤਮ ਹੋ ਗਈ ਹੈ ਅਤੇ ‘ਆਪ’ ਸਰਕਾਰ ਵੱਡੇ ਪੱਧਰ ’ਤੇ ਉਦਯੋਗੀਕਰਨ ਨੂੰ ਉਤਸ਼ਾਹਿਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।’’ ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਤੇ ਬਰਿੰਦਰ ਗੋਇਲ, ਮੁੱਖ ਸਕੱਤਰ ਕੇ ਏ ਪੀ ਸਿਨਹਾ ਅਤੇ ਹੋਰਾਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

ਸੂਚਨਾ ਤਕਨਾਲੋਜੀ ਅਤੇ ਸੂਚਨਾ ਤਕਨਾਲੋਜੀ ਸਮਰਥਿਤ ਸੇਵਾਵਾਂ ਨੂੰ ਭਰਵਾਂ ਹੁੰਗਾਰਾ
ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਦੌਰਾਨ ਕਰਵਾਏ ਗਏ ਸੂਚਨਾ ਤਕਨਾਲੋਜੀ ਅਤੇ ਸੂਚਨਾ ਤਕਨਾਲੋਜੀ ਸਮਰਥਿਤ ਸੇਵਾਵਾਂ ਬਾਰੇ ਸੈਸ਼ਨ ਨੂੰ ਨਿਵੇਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਵਿਕਾਸ ਕਮਿਸ਼ਨ (ਪੀ ਡੀ ਸੀ) ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਹਾਲੀ ਨੂੰ ਆਈ ਟੀ ਖੇਤਰ ਵਿੱਚ ਟੀਅਰ-1 ਸ਼ਹਿਰ ਵਜੋਂ ਵਿਕਸਤ ਕਰਨ ਲਈ ਦ੍ਰਿੜ੍ਹ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਸਰਕਾਰ ਗਵਰਨੈਂਸ, ਅਕਾਦਮੀਆਂ ਅਤੇ ਬੁਨਿਆਦੀ ਢਾਂਚੇ ਦੇ ਮਜ਼ਬੂਤ ਥੰਮ੍ਹਾਂ ’ਤੇ ਖਾਸ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਕਈ ਮੈਨੂਫੈਕਚਰਿੰਗ ਉਦਯੋਗ ਪਹਿਲਾਂ ਹੀ ਆਪਣੀਆਂ ਉਤਪਾਦਨ ਪ੍ਰਕਿਰਿਆਵਾਂ ਵਿੱਚ ਮਸਨੂਈ ਬੌਧਿਕਤਾ ਤਕਨਾਲੋਜੀਆਂ ਨੂੰ ਸਫਲਤਾਪੂਰਵਕ ਸ਼ਾਮਲ ਕਰ ਰਹੇ ਹਨ।