ਇਜ਼ਰਾਇਲੀ ਹਮਲੇ ’ਚ ਇੰਟੈਲੀਜੈਂਸ ਮੰਤਰੀ ਹਲਾਕ

ਇਜ਼ਰਾਇਲੀ ਹਮਲੇ ’ਚ ਇੰਟੈਲੀਜੈਂਸ ਮੰਤਰੀ ਹਲਾਕ

ਦੁਬਈ: ਇਜ਼ਰਾਈਲ ਨੇ ਇਰਾਨ ’ਤੇ ਅੱਧੀ ਰਾਤ ਨੂੰ ਕੀਤੇ ਹਮਲੇ ’ਚ ਮੁਲਕ ਦੇ ਇੰਟੈਲੀਜੈਂਸ ਮੰਤਰੀ ਇਸਮਾਈਲ ਖ਼ਤੀਬ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਖ਼ਤੀਬ ਦੀ ਹੱਤਿਆ ਦਾ ਐਲਾਨ ਕਰਦਿਆਂ ਕਿਹਾ ਕਿ ‘ਸਾਰੇ ਮੋਰਚਿਆਂ ਤੋਂ ਹੈਰਾਨੀਜਨਕ ਖ਼ਬਰਾਂ ਆਉਣ ਦੀ ਉਮੀਦ ਹੈ।’ ਕਾਟਜ਼ ਨੇ ਹਾਲਾਂਕਿ ਬਹੁਤੀ ਤਫ਼ਸੀਲ ਨਹੀਂ ਦਿੱਤੀ। ਖ਼ਤੀਬ ਦੀ ਹੱਤਿਆ ਤੋਂ ਪਹਿਲਾਂ ਇਜ਼ਰਾਈਲ ਨੇ ਮੰਗਲਵਾਰ ਨੂੰ ਇਰਾਨ ਦੇ ਸਿਖਰਲੇ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਤੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡਜ਼ ਬਾਸਿਜ ਮਿਲੀਸ਼ੀਆ ਦੇ ਮੁਖੀ ਗੁਲਾਮ ਰਜ਼ਾ ਸੁਲੇਮਾਨੀ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਸੀ। ਇਸ ਦੌਰਾਨ ਲਾਰੀਜਾਨੀ ਦੇ ਜਨਾਜ਼ੇ ਮੌਕੇ ਤਹਿਰਾਨ ਦੇ ਇਨਕਲਾਬ ਚੌਕ ਵਿੱਚ ਵੱਡੀ ਗਿਣਤੀ ਲੋਕ ਹਾਜ਼ਰ ਸਨ। ਇਜ਼ਰਾਈਲ ਤੇ ਇਰਾਨ ਵੱਲੋਂ ਇੱਕ-ਦੂਜੇ ਦੇ ਊਰਜਾ ਟਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਕਰ ਕੇ ਤੇਲ ਕੀਮਤਾਂ ਨੇ ਵੀ ਸ਼ੂਟ ਵੱਟੀ ਹੈ। ਇਸ ਦੌਰਾਨ ਇਰਾਨ ਨੇ ਬੁੱਧਵਾਰ ਤੜਕੇ ਇਜ਼ਰਾਈਲ ਤੇ ਗੁਆਂਢੀ ਖਾੜੀ ਮੁਲਕਾਂ ’ਤੇ ਹਮਲੇ ਕੀਤੇ ਹਨ। ਧਮਾਕਿਆਂ ਦੀ ਆਵਾਜ਼ ਯੂ ਏ ਈ, ਕਤਰ ਤੇ ਸਾਊਦੀ ਅਰਬ ਵਿੱਚ ਸੁਣੀ ਗਈ ਹੈ। ਇਰਾਨ ਦੇ ਸਰਕਾਰੀ ਮੀਡੀਆ ਨੇ ਲਾਰੀਜਾਨੀ ਤੇ ਸੁਲੇਮਾਨੀ ਦੀ ਹੱਤਿਆ ਮਗਰੋਂ ਜਵਾਬੀ ਕਾਰਵਾਈ ਵਜੋਂ ਵੱਡੇ ਤੜਕੇ ਹਮਲੇ ਕਰਨ ਦੀ ਪੁਸ਼ਟੀ ਕੀਤੀ ਹੈ। ਬਹਿਰੀਨ ਨੇ ਕਿਹਾ ਕਿ ਇਰਾਨ ਨੇ ਟਾਪੂ ਸਾਮਰਾਜ ’ਤੇ ਮਿਜ਼ਾਈਲ ਤੇ ਡਰੋਨ ਦਾਗੇ। ਉੱਤਰੀ ਇਜ਼ਰਾਈਲ ਵਿੱਚ ਮਿਜ਼ਾਈਲ ਹਮਲਿਆਂ ਤੋਂ ਚੌਕਸ ਕਰਦੇ ਸਾਇਰਨ ਸੁਣਾਈ ਦਿੱਤੇ ਹਨ। ਉੱਧਰ, ਇਜ਼ਰਾਈਲ ਨੇ ਵੀ ਲਿਬਨਾਨ ਦੇ ਕੇਂਦਰੀ ਬੈਰੂਤ ’ਚ ਰਿਹਾਇਸ਼ੀ ਅਪਾਰਟਮੈਂਟਾਂ ’ਤੇ ਹਵਾਈ ਹਮਲੇ ਕੀਤੇ ਹਨ, ਜਿਸ ਵਿੱਚ ਛੇ ਵਿਅਕਤੀਆਂ ਦੇ ਮਾਰੇ ਜਾਣ ਤੇ 24 ਹੋਰਾਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਮ੍ਰਿਤਕਾਂ ਵਿੱਚ ਹਿਜ਼ਬੁੱਲਾ ਦੇ ਅਲ-ਮਾਨਰ ਟੈਲੀਵਿਜ਼ਨ ਦਾ ਪੱਤਰਕਾਰ ਮੁਹੰਮਦ ਸ਼ੈਰੀ ਤੇ ਉਸ ਦੀ ਪਤਨੀ ਸ਼ਾਮਲ ਹਨ। ਲਿਬਨਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਜ਼ਰਾਇਲ ਹਵਾਈ ਹਮਲੇ ਵਿੱਚ ਕੇਂਦਰੀ ਬੈਰੂਤ ’ਚ 10 ਵਿਅਕਤੀ ਮਾਰੇ ਗਏ। ਇਸ ਦੌਰਾਨ ਇਰਾਕ ਨੇ ਕਿਹਾ ਕਿ ਉਸ ਨੇ ਕਿਰਕੁਕ ਸ਼ਹਿਰ ਤੋਂ ਪਾਈਪਲਾਈਨ ਜ਼ਰੀਏ ਤੁਰਕ ਬੰਦਰਗਾਹ ਸਿਹਾਨ ਨੂੰ ਤੇਲ ਦੀ ਬਰਾਮਦਗੀ ਸ਼ੁਰੂ ਕੀਤੀ ਹੈ। ਇਰਾਨ ਨੇ ਇਜ਼ਰਾਈਲ ਦੀ ਖੁਫ਼ੀਆ ਏਜੰਸੀ ਮੋਸਾਦ ਲਈ ਜਾਸੂਸੀ ਕਰ ਰਹੇ ਸ਼ਖ਼ਸ, ਜਿਸ ਦੀ ਪਛਾਣ ਕੋਰੌਸ਼ ਕਿਵਾਨੀ ਵਜੋਂ ਦੱਸੀ ਗਈ ਹੈ, ਨੂੰ ਫਾਹੇ ਟੰਗ ਦਿੱਤਾ ਹੈ। ਇਸ ਵਿਅਕਤੀ ਨੇ ਮੋਸਾਦ ਨੂੰ ਸੰਵੇਦਨਸ਼ੀਲ ਟਿਕਾਣਿਆਂ ਦੀਆਂ ਤਸਵੀਰਾਂ ਤੇ ਜਾਣਕਾਰੀ ਦਿੱਤੀ ਸੀ। ਉਧਰ ਸਾਊਦੀ ਅਰਬ ਨੇ ਰਿਆਧ ਨੂੰ ਨਿਸ਼ਾਨਾ ਬਣਾ ਕੇ ਛੱਡੀ ਬੈਲਿਸਟਿਕ ਮਿਜ਼ਾਈਲ ਤੇ ਡਰੋਨਾਂ ਨੂੰ ਫੁੰਡਣ ਦਾ ਦਾਅਵਾ ਕੀਤਾ ਹੈ।

ਇਰਾਨ ਕਦੇ ਵੀ ਕਿਸੇ ਇਕ ’ਤੇ ਮੁਨੱਸਰ ਨਹੀਂ ਕਰਦਾ: ਅਰਾਗ਼ਚੀ

ਤਹਿਰਾਨ: ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਦੇਸ਼ ਦਾ ਰਾਜਨੀਤਕ ਢਾਂਚਾ ਬਹੁਤ ਮਜ਼ਬੂਤ ਹੈ ਤੇ ਅਲੀ ਲਾਰੀਜਾਨੀ ਦੀ ਮੌਤ ਨਾਲ ‘ਇਰਾਨ ਦੀ ਲੀਡਰਸ਼ਿਪ ਨੂੰ ਘਾਤਕ ਝਟਕਾ’ ਨਹੀਂ ਲੱਗੇਗਾ। ਅਮਰੀਕਾ ਤੇ ਇਜ਼ਰਾਈਲ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਕਿ ਇਰਾਨ ਦਾ ਨਿਜ਼ਾਮ ‘ਕਦੇ ਵੀ ਕਿਸੇ ਇਕ ਵਿਅਕਤੀ ਵਿਸ਼ੇਸ਼ ’ਤੇ ਮੁਨੱਸਰ ਨਹੀਂ ਕਰਦਾ।’ ਇਹ ਜੰਗ ਤਹਿਰਾਨ ਨੇ ਨਹੀਂ ਛੇੜੀ ਤੇ ਇਸ ਦੇ ਸਿੱਟਿਆਂ ਲਈ ਅਮਰੀਕਾ ਜ਼ਿੰਮੇਵਾਰ ਹੈ। ਪਰਮਾਣੂ ਹਥਿਆਰਾਂ ਦੇ ਵਿਕਾਸ ਵਿਰੁੱਧ ਇਰਾਨ ਦੇ ਰੁਖ਼ ’ਚ ਕਦੇ ਵੀ ਕੋਈ ਤਬਦੀਲੀ ਨਹੀਂ ਆਏਗੀ।

ਅਮਰੀਕਾ ਦਾ ਸਾਥ ਨਾ ਦੇਣ ਵਾਲੇ ਭਾਈਵਾਲਾਂ ਤੋਂ ਟਰੰਪ ਖ਼ਫ਼ਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ ਚੱਲ ਰਹੇ ਟਕਰਾਅ ਵਿੱਚ ਅਮਰੀਕਾ ਦਾ ਸਾਥ ਦੇਣ ਤੋਂ ਝਿਜਕਣ ਵਾਲੇ ਆਪਣੇ ਸਹਿਯੋਗੀ ਦੇਸ਼ਾਂ ਨੂੰ ਅੱਜ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਸਵਾਲ ਉਠਾਇਆ ਕਿ ਜੇ ਅਮਰੀਕਾ ਇਰਾਨੀ ‘ਅਤਿਵਾਦੀ ਰਾਜ’ ਦੇ ਬਚੇ-ਖੁਚੇ ਹਿੱਸੇ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇ ਅਤੇ ਇਸ ਸਮੁੰਦਰੀ ਰਸਤੇ (ਹਰਮੁਜ਼ ਜਲ ਮਾਰਗ) ਦੀ ਜ਼ਿੰਮੇਵਾਰੀ ਉਨ੍ਹਾਂ ਦੇਸ਼ਾਂ ਨੂੰ ਦੇ ਦੇਵੇ ਜੋ ਇਸ ਦੀ ਵਰਤੋਂ ਕਰਦੇ ਹਨ, ਤਾਂ ਕੀ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਕਰਨ ਨਾਲ ਉਹ ਸਹਿਯੋਗੀ ਦੇਸ਼, ਜੋ ਹੁਣ ਅਮਰੀਕਾ ਦਾ ਸਾਥ ਨਹੀਂ ਦੇ ਰਹੇ, ਬਹੁਤ ਤੇਜ਼ੀ ਨਾਲ ਸਰਗਰਮ ਹੋ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਖੁਦ ਇਸ ਰਸਤੇ ’ਤੇ ਨਿਰਭਰ ਨਹੀਂ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਟਰੰਪ ਨੇ ਨਾਟੋ ਦੇ ਸਹਿਯੋਗੀ ਮੁਲਕਾਂ ਦੀ ਆਲੋਚਨਾ ਕੀਤੀ ਸੀ।

ਹਰਮੁਜ਼ ਜਲ ਮਾਰਗ ਖੁਲ੍ਹਵਾਉਣ ਲਈ ਚਰਚਾ ਕਰ ਰਹੇ ਨੇ ਨਾਟੋ ਸਹਿਯੋਗੀ

ਓਸਲੋ: ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨੇ ਕਿਹਾ ਕਿ ਨਾਟੋ ਦੇ ਸਹਿਯੋਗੀ ਮੁਲਕ ਸਮੂਹਿਕ ਤੌਰ ’ਤੇ ਇਸ ਗੱਲ ’ਤੇ ਚਰਚਾ ਕਰ ਰਹੇ ਹਨ ਕਿ ਹਰਮੁਜ਼ ਜਲ ਮਾਰਗ ਮੁੜ ਕਿਸ ਤਰ੍ਹਾਂ ਖੋਲ੍ਹਿਆ ਜਾ ਸਕਦਾ ਹੈ। ਨਾਰਵੇ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਸਾਰੇ ਇਸ ਗੱਲ ’ਤੇ ਸਹਿਮਤ ਹਾਂ ਕਿ ਵਪਾਰਕ ਰਸਤੇ ਮੁੜ ਖੁੱਲ੍ਹਣੇ ਚਾਹੀਦੇ ਹਨ। ਸਹਿਯੋਗੀ ਦੇਸ਼ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਮਸਲੇ ਦਾ ਹੱਲ ਲੱਭਣ ਲਈ ਸਮੂਹਿਕ ਤੌਰ ’ਤੇ ਵਿਚਾਰ-ਵਟਾਂਦਰਾ ਕਰ ਰਹੇ ਹਨ ਤਾਂ ਜੋ ਅੱਗੇ ਵਧਣ ਦਾ ਕੋਈ ਰਾਹ ਕੱਢਿਆ ਜਾ ਸਕੇ।’’ ਇਸੇ ਦੌਰਾਨ ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਫੌਜੀ ਕਾਰਵਾਈ ਦੀ ਥਾਂ ਕੂਟਨੀਤਕ ਵਾਰਤਾ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ।

Share: