ਚੰਡੀਗੜ੍ਹ: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅੱਜ ਸਵੇਰੇ ਦੁਨੀਆ ਭਰ ਦੇ ਹਜ਼ਾਰਾਂ ਯੂਜ਼ਰਸ ਲਈ ਅਚਾਨਕ ਬੰਦ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਆਊਟੇਜ ਟ੍ਰੈਕਿੰਗ ਵੈੱਬਸਾਈਟ ‘ਡਾਊਨਡਿਟੈਕਟਰ’ (Downdetector) ਅਨੁਸਾਰ, ਭਾਰਤੀ ਸਮੇਂ ਮੁਤਾਬਕ ਸਵੇਰੇ ਲਗਭਗ 8:47 ਵਜੇ ਸ਼ਿਕਾਇਤਾਂ ਵਿੱਚ ਯਕਦਮ ਵਾਧਾ ਦੇਖਿਆ ਗਿਆ। ਯੂਜ਼ਰਸ ਨੇ ਦੱਸਿਆ ਕਿ ਉਹ ਨਾ ਤਾਂ ਕਿਸੇ ਨੂੰ ਡਾਇਰੈਕਟ ਮੈਸੇਜ (DMs) ਭੇਜ ਪਾ ਰਹੇ ਸਨ ਅਤੇ ਨਾ ਹੀ ਆਪਣੀ ਫੀਡ ਜਾਂ ਸਟੋਰੀਜ਼ ਨੂੰ ਰਿਫ੍ਰੈਸ਼ ਕਰ ਪਾ ਰਹੇ ਸਨ। ਕਈਆਂ ਨੇ ਤਾਂ ਐਪ ਦੇ ਵਾਰ-ਵਾਰ ਕ੍ਰੈਸ਼ ਹੋਣ ਦੀ ਸ਼ਿਕਾਇਤ ਵੀ ਕੀਤੀ। ਇਸ ਤਕਨੀਕੀ ਖਰਾਬੀ ਕਾਰਨ ਸੋਸ਼ਲ ਮੀਡੀਆ ‘ਤੇ #InstagramDown ਟ੍ਰੈਂਡ ਕਰਨ ਲੱਗਾ ਅਤੇ ਯੂਜ਼ਰਸ ਨੇ ਆਪਣੀ ਭੜਾਸ ਕੱਢਣ ਲਈ ਦੂਜੇ ਪਲੇਟਫਾਰਮਾਂ ਦਾ ਸਹਾਰਾ ਲਿਆ।
ਤਾਜ਼ਾ ਰਿਪੋਰਟਾਂ ਅਨੁਸਾਰ, ਹੁਣ ਇਹ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਗਈ ਹੈ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਨੂੰ ਸਹੀ ਤਰੀਕੇ ਨਾਲ ਬਹਾਲ (Restore) ਕਰ ਦਿੱਤਾ ਗਿਆ ਹੈ। ਮੇਟਾ (Meta) ਵੱਲੋਂ ਤਕਨੀਕੀ ਨੁਕਸ ਨੂੰ ਸੁਧਾਰਨ ਤੋਂ ਬਾਅਦ ਹੁਣ ਸਾਰੇ ਯੂਜ਼ਰਸ ਬਿਨਾਂ ਕਿਸੇ ਰੁਕਾਵਟ ਦੇ ਐਪ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ ਸ਼ੁਰੂਆਤ ਵਿੱਚ ਕੁਝ ਲੋਕਾਂ ਨੂੰ ਲੌਗ-ਇਨ ਕਰਨ ਵਿੱਚ ਮੁਸ਼ਕਲ ਆਈ ਸੀ, ਪਰ ਹੁਣ ਇਹ ਸਾਰੇ ਖੇਤਰਾਂ ਵਿੱਚ ਬਿਲਕੁਲ ਸਹੀ ਕੰਮ ਕਰ ਰਿਹਾ ਹੈ। ਕੰਪਨੀ ਨੇ ਯੂਜ਼ਰਸ ਨੂੰ ਹੋਈ ਇਸ ਅਸੁਵਿਧਾ ਲਈ ਖੇਦ ਜਤਾਇਆ ਹੈ।

