ਚੰਡੀਗਡ਼੍ਹ: ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਦੌਰਾਨ ਹੁਣ ਸਿਆਸੀ ਧਿਰਾਂ ਦੇ ਵਿਰੋਧ ਕਰਨ ਦੇ ਢੰਗ ਤਰੀਕੇ ਵੀ ਬਦਲਣ ਲੱਗੇ ਹਨ। ਸਦਨ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਨਾਂ ’ਚ ਹੁਣ ਵਿਰੋਧੀ ਧਿਰ ਹੀ ਨਹੀਂ ਸਗੋਂ ਹੁਕਮਰਾਨ ਧਿਰ ਵੀ ਕੁੱਦਣ ਲੱਗੀ ਹੈ। ਕਿਸੇ ਜ਼ਮਾਨੇ ’ਚ ਸੈਸ਼ਨ ਦੌਰਾਨ ਵਿਰੋਧੀ ਧਿਰ ਸਿਰਫ਼ ਸੰਕੇਤਕ ਵਾਕਆਊਟ ਅਤੇ ਨਾਅਰੇਬਾਜ਼ੀ ਕਰਦੀ ਸੀ। ਹਾਕਮ ਧਿਰ ਦੀ ਹਮੇਸ਼ਾ ਸੈਸ਼ਨ ਬਿਨਾਂ ਰੌਲੇ-ਰੱਪੇ ਚਲਾਉਣ ਅਤੇ ਸਦਨ ਦੀ ਕਾਰਵਾਈ ਨੂੰ ਵਿਘਨ ਰਹਿਤ ਬਣਾਉਣ ਲਈ ਪੂਰੀ ਵਾਹ ਲੱਗਦੀ ਸੀ।
ਹੁਣ ਸੈਸ਼ਨਾਂ ਦੌਰਾਨ ਨਵੇਂ ਰੰਗ ਦੇਖਣ ਨੂੰ ਮਿਲਣ ਲੱਗੇ ਹਨ। ਆਮ ਆਦਮੀ ਪਾਰਟੀ ਹੁਕਮਰਾਨ ਧਿਰ ਹੋਣ ਦੇ ਬਾਵਜੂਦ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਦੌਰਾਨ ਖ਼ੁਦ ਵੀ ਪ੍ਰਦਰਸ਼ਨਾਂ ’ਚ ਕੁੱਦਣ ਲੱਗੀ ਹੈ। ਪੁਰਾਣੇ ਸਾਬਕਾ ਵਿਧਾਇਕ ਦੱਸਦੇ ਹਨ ਕਿ ਪਹਿਲਾਂ ਸੰਕੇਤਕ ਵਾਕਆਊਟ ਮੁੱਦਿਆਂ ’ਤੇ ਹੁੰਦਾ ਸੀ ਅਤੇ ਫਿਰ ਤੁਰੰਤ ਹੀ ਵਿਰੋਧੀ ਧਿਰ ਮੁੜ ਸਦਨ ’ਚ ਆ ਜਾਂਦੀ ਸੀ। ਕਿਸੇ ਖ਼ਾਸ ਮੌਕੇ ’ਤੇ ਹੀ ਨਾਅਰੇਬਾਜ਼ੀ ਹੁੰਦੀ ਸੀ। ਲੰਘੇ ਦਿਨ ‘ਆਪ’ ਦੇ ਆਗੂਆਂ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ’ਚ ਬਕਾਇਦਾ ਬੈਂਡ ਵਾਜਿਆਂ ਨਾਲ ਸਦਨ ਦੇ ਬਾਹਰ ਪ੍ਰਦਰਸ਼ਨ ਕੀਤਾ। ‘ਆਪ’ ਆਗੂਆਂ ਦਾ ਗਿਲਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਪਰਿਵਾਰਕ ਕਿੱਤੇ ਬਾਰੇ ਅਪਸ਼ਬਦ ਬੋਲੇ ਗਏ ਜਿਸ ਦੇ ਰੋਸ ਵਜੋਂ ਸ੍ਰੀ ਬਾਜਵਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ।
ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਸੱਤਾਧਾਰੀ ਧਿਰ ਨੇ ਹੀ ਸੈਸ਼ਨ ਦੌਰਾਨ ਇਸ ਤਰ੍ਹਾਂ ਦਾ ਨਿਵੇਕਲਾ ਪ੍ਰਦਰਸ਼ਨ ਕੀਤਾ ਹੋਵੇ। ਪਹਿਲਾਂ ਵਿਰੋਧੀ ਧਿਰ ਦੇ ਵਿਧਾਇਕ ਤਖ਼ਤੀਆਂ ਜਾਂ ਕਾਲੇ ਚੋਲੇ ਪਹਿਨ ਕੇ ਸੈਸ਼ਨ ਦੌਰਾਨ ਰੋਸ ਜ਼ਾਹਿਰ ਕਰਦੇ ਰਹੇ ਹਨ।
ਕਾਂਗਰਸ ਸਰਕਾਰ ਦੇ ਆਖ਼ਰੀ ਬਜਟ ਇਜਲਾਸ ਮੌਕੇ ‘ਆਪ’ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਮਾਰਚ 2021 ’ਚ ਸਿਰ ’ਤੇ ਕਰਜ਼ੇ ਦੀ ਪੰਡ ਰੱਖ ਕੇ ਪੁੱਜੇ ਸਨ। ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਸਤੇ ਤਤਕਾਲੀ ਅਕਾਲੀ ਵਿਧਾਇਕ ਬਲਦ ਗੱਡਾ ਲੈ ਕੇ ਵਿਧਾਨ ਸਭਾ ਵੱਲ ਵਧੇ ਸਨ। ਮਾਰਚ 2024 ’ਚ ਤਤਕਾਲੀ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਕਰਜ਼ੇ ਦੀ ਪੰਡ ਸਿਰ ’ਤੇ ਚੁੱਕ ਕੇ ਸਦਨ ਦੇ ਬਾਹਰ ਪੁੱਜੇ ਸਨ। ਉਨ੍ਹਾਂ ਵੱਲੋਂ ਪਹਿਨੇ ਕਾਲੇ ਚੋਲੇ ’ਤੇ ਕਰਜ਼ੇ ਦਾ ਵਰਣਨ ਕੀਤਾ ਹੋਇਆ ਸੀ। ਉਹ ਇਸ ਸੈਸ਼ਨ ਦੌਰਾਨ ਹੀ ਸੰਗਲ ਲੈ ਕੇ ਵੀ ਪੁੱਜੇ ਸਨ। ਕਾਂਗਰਸੀ ਵਿਧਾਇਕਾਂ ਨੇ 13 ਸਤੰਬਰ 2016 ਨੂੰ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਰੋਸ ਵਜੋਂ ਰਾਤ ਕੱਟੀ ਸੀ ਤੇ ਇਸੇ ਤਰ੍ਹਾਂ ‘ਆਪ’ ਵਿਧਾਇਕ ਵੀ 19 ਅਕਤੂਬਰ 2020 ਨੂੰ ਸਪੈਸ਼ਲ ਸੈਸ਼ਨ ਦੌਰਾਨ ਦੇਰ ਸ਼ਾਮ ਤੱਕ ਪ੍ਰਦਰਸ਼ਨ ਕਰਦੇ ਰਹੇ। ਪੰਜਾਬ ਵਿਧਾਨ ਸਭਾ ’ਚ ਬੈਸਟ ਵਿਧਾਨਕਾਰ ਰਹੇ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਪਵਿੱਤਰ ਸਦਨ ਦੀ ਸੋਭਾ ਤੇ ਮਰਿਆਦਾ ਕਾਇਮ ਰੱਖਣ ਲਈ ਹਾਕਮ ਤੇ ਵਿਰੋਧੀ ਧਿਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਦੀ ਸੰਜੀਦਗੀ ਅਤੇ ਗੰਭੀਰਤਾ ਹੀ ਸਦਨ ਦੀ ਕਾਰਵਾਈ ਨੂੰ ਨਿਰਵਿਘਨ ਚਲਾਉਣ ਲਈ ਸਹਾਈ ਹੁੰਦੀ ਹੈ। ਸਕੱਤਰੇਤ ਦੇ ਪੁਰਾਣੇ ਅਧਿਕਾਰੀ ਦੱਸਦੇ ਹਨ ਕਿ ਅਜਿਹਾ ਕਦੇ ਨਹੀਂ ਹੁੰਦਾ ਹੈ ਕਿ ਸੱਤਾਧਾਰੀ ਧਿਰ ਹੀ ਸਦਨ ’ਚ ਕੋਈ ਪ੍ਰਦਰਸ਼ਨ ਕਰੇ। ਸੈਸ਼ਨ ਦੌਰਾਨ ਵਿਰੋਧੀ ਧਿਰ ਜਾਂ ਹੋਰਨਾਂ ਸੰਘਰਸ਼ੀ ਧਿਰਾਂ ਵੱਲੋਂ ਵੀ ਪ੍ਰਦਰਸ਼ਨ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਵਿਧਾਨ ਸਭਾ ਵੱਲ ਵਧਣ ਤੋਂ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਵੀ ਅਕਸਰ ਚੱਲਦੀਆਂ ਹਨ।
ਸਿਆਸੀ ਵਰਤਾਰੇ ਬਦਲਣ ਲੱਗੇ ਹਨ: ਸੇਖੋਂ
ਸਿਆਸੀ ਟਿੱਪਣੀਕਾਰ ਪ੍ਰੋ. ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਪੰਜਾਬ ਦੀ ਸਿਆਸਤ ਹੁਣ ‘ਨੌਟੰਕੀ ਸਿਆਸਤ’ ਵੱਲ ਵਧਣ ਲੱਗੀ ਹੈ ਜਦੋਂਕਿ ਪਹਿਲਾਂ ਮੁੱਦਿਆਂ ਦੀ ਸਿਆਸਤ ਹੁੰਦੀ ਸੀ ਅਤੇ ਸਿਆਸੀ ਧਿਰਾਂ ਦੀ ਪ੍ਰਤੀਬੱਧਤਾ ਹੁੰਦੀ ਸੀ। ਹੁਣ ਸਿਆਸੀ ਵਰਤਾਰਾ ਬਦਲ ਗਿਆ ਹੈ ਅਤੇ ਸਿਆਸਤ ਦੇ ਮਕਸਦ ਵੀ ਬਦਲ ਗਏ ਹਨ।

