ਚੰਡੀਗਡ਼੍ਹ: ਪੰਜਾਬ ਵਿੱਚ ਸਮੇਂ ਤੋਂ ਪਹਿਲਾਂ ਗਰਮੀ ਦੇ ਦਸਤਕ ਦੇਣ ਮਗਰੋਂ ਅੱਜ ਤੜਕੇ ਅਚਾਨਕ ਮੌਸਮ ਨੇ ਆਪਣਾ ਮਿਜ਼ਾਜ ਬਦਲ ਗਿਆ। ਅੱਜ ਸਵੇਰੇ ਤੇਜ਼ ਹਵਾਵਾਂ ਨਾਲ ਕਿਣਮਿਣ ਸ਼ੁਰੂ ਹੋ ਗਈ ਸੀ। ਇਸ ਮਗਰੋਂ ਦਿਨ ਸਮੇਂ ਸੂਬੇ ਵਿੱਚ ਕਈ ਥਾਈਂ ਭਾਰੀ ਮੀਂਹ ਪਿਆ ਅਤੇ ਕਈ ਇਲਾਕਿਆਂ ’ਚ ਗੜੇਮਾਰੀ ਹੋਈ। ਮੀਂਹ ਨੇ ਭਾਵੇਂ ਗਰਮੀ ਤੋਂ ਆਰਜ਼ੀ ਤੌਰ ’ਤੇ ਰਾਹਤ ਦਿਵਾ ਦਿੱਤੀ ਪਰ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ। ਇਸ ਸਮੇਂ ਖੇਤਾਂ ਵਿੱਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਣ ਦੇ ਆਖ਼ਰੀ ਪੜਾਅ ’ਤੇ ਹੈ। ਅਜਿਹੇ ਸਮੇਂ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਰ ਕੇ ਫ਼ਸਲ ਡਿੱਗਣ ਦਾ ਖਦਸ਼ਾ ਹੈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਤੜਕੇ ਸਰਹੱਦੀ ਖੇਤਰ ਦੇ ਕਈ ਸ਼ਹਿਰਾਂ ਵਿੱਚ ਹਲਕਾ ਤੇ ਦਰਮਿਆਨਾ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਜੋ ਦਿਨ ਚੜ੍ਹਨ ਦੇ ਨਾਲ-ਨਾਲ ਤੇਜ਼ ਹੁੰਦਾ ਗਿਆ। ਇਸ ਦੌਰਾਨ ਅਬੋਹਰ, ਮਾਨਸਾ, ਫ਼ਰੀਦਕੋਟ ਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਈ ਥਾਵਾਂ ’ਤੇ ਗੜੇ ਪਏ। ਮੌਸਮ ਵਿਭਾਗ ਨੇ 20 ਮਾਰਚ ਤੱਕ ਸੂਬੇ ਵਿੱਚ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 16, 19 ਤੇ 20 ਮਾਰਚ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸੇ ਦੌਰਾਨ ਪੰਜਾਬ ਤੇ ਹਰਿਆਣਾ ਵਿੱਚ ਹਲਕੇ ਤੇ ਦਰਮਿਆਨੇ ਮੀਂਹ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ ਵਿੱਚ 5 ਐੱਮ ਐੱਮ, ਫਾਜ਼ਿਲਕਾ ਤੇ ਸੰਗਰੂਰ ਵਿੱਚ 4-4 ਐੱਮ ਐੱਮ, ਲੁਧਿਆਣਾ ਵਿੱਚ 1.2 ਐੱਮ ਐੱਮ, ਪਟਿਆਲਾ ਵਿੱਚ 2 ਐੱਮ ਐੱਮ, ਫਿਰੋਜ਼ਪੁਰ ’ਚ 2.5 ਐੱਮ ਐੱਮ, ਪਠਾਨਕੋਟ ’ਚ 1 ਐੱਮ ਐੱਮ, ਰੂਪਨਗਰ ’ਚ 1.5 ਐੱਮ ਐੱਮ ਮੀਂਹ ਪਿਆ ਅਤੇ ਬਠਿੰਡਾ, ਫਰੀਦਕੋਟ, ਮੁਹਾਲੀ ਤੇ ਹੋਰ ਕਈ ਇਲਾਕਿਆਂ ਵਿੱਚ ਕਣੀਆਂ ਪਈਆਂ। ਦੂਜੇ ਪਾਸੇ ਮੀਂਹ ਪੈਣ ਦੇ ਨਾਲ ਹੀ ਪੰਜਾਬ ਦੇ ਤਾਪਮਾਨ ਵਿੱਚ 4.3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ 21.8 ਡਿਗਰੀ, ਲੁਧਿਆਣੇ ਦਾ 22.7 ਡਿਗਰੀ, ਪਟਿਆਲੇ ਦਾ 26.6 ਡਿਗਰੀ, ਫਰੀਦਕੋਟ ਦਾ 24 ਡਿਗਰੀ, ਨਵਾਂ ਸ਼ਹਿਰ ਦਾ 24.7 ਡਿਗਰੀ, ਫਾਜ਼ਿਲਕਾ ਦਾ 28 ਡਿਗਰੀ, ਫਿਰੋਜ਼ਪੁਰ ਦਾ 23.9 ਡਿਗਰੀ, ਹੁਸ਼ਿਆਰਪੁਰ ਦਾ 20.2 ਡਿਗਰੀ, ਮੁਹਾਲੀ ਦਾ 27.2 ਡਿਗਰੀ, ਪਠਾਨਕੋਟ ਦਾ 21.6 ਡਿਗਰੀ, ਰੂਪਨਗਰ ਦਾ 22.5 ਡਿਗਰੀ, ਬਠਿੰਡੇ ਦਾ 26 ਡਿਗਰੀ ਅਤੇ ਫਰੀਦਕੋਟ 27 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

