ਅਕਾਲੀ ਆਗੂ ਦੇ ਪਤੀ ਦੇ ਕਲੀਨਿਕ ’ਤੇ ਸਿਹਤ ਵਿਭਾਗ ਦਾ ਛਾਪਾ

ਅਕਾਲੀ ਆਗੂ ਦੇ ਪਤੀ ਦੇ ਕਲੀਨਿਕ ’ਤੇ ਸਿਹਤ ਵਿਭਾਗ ਦਾ ਛਾਪਾ

ਸੰਦੌੜ: ਬਲਾਕ ਸਮਿਤੀ ਮਾਲੇਰਕੋਟਲਾ-2 ਦੇ ਚੇਅਰਮੈਨ ਦੀ ਚੋਣ ਤੋਂ ਇਕ ਦਿਨ ਪਹਿਲਾਂ ਸ਼੍ੋਮਣੀ ਅਕਾਲੀ ਦਲ ਨਾਲ ਸਬੰਧਤ ਬਲਾਕ ਸਮਿਤੀ ਮੈਂਬਰ ਬੀਬਾ ਸ਼ਹਿਨਾਜ ਦੇ ਪਤੀ ਡਾ. ਸੁਰਾਜ ਮੁਹੰਮਦ ਦੇ ਪਿੰਡ ਚੱਕ ਸ਼ੇਖੂਪੁਰ ਕਲਾਂ ਵਿਚਲੇ ਕਲੀਨਿਕ ’ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮਾਰੇ ਗਏ ਛਾਪੇ ਤੋਂ ਬਾਅਦ ਮਾਹੌਲ ਤਲਖੀ ਵਾਲਾ ਬਣ ਗਿਆ। ਡਾ. ਮੁਹੰਮਦ ਸ਼੍ਰੋਮਣੀ ਅਕਾਲੀ ਦਲ ਦੇ ਬੀ ਸੀ ਵਿੰਗ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਹਨ ਅਤੇ ਦੋ ਦਹਾਕਿਆਂ ਤੋਂ ਕਲੀਨਿਕ ਚਲਾ ਰਹੇ ਹਨ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਵੱਡੀ ਗਿਣਤੀ ਵਿਚ ਉੱਥੇ ਪਹੁੰਚ ਗਏ। ਇਕੱਤਰ ਹੋਏ ਲੋਕਾਂ ਅਤੇ ਅਕਾਲੀ ਵਰਕਰਾਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦੇ ਮਾਲੇਰਕੋਟਲਾ ਤੋਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਬਲਾਕ ਸਮਿਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਕੋਲ ਸਪੱਸ਼ਟ ਬਹੁਮਤ ਨਾ ਹੋਣ ਕਾਰਨ ਇਹ ਗਲਤ ਹਥਕੰਡੇ ਅਪਣਾ ਕੇ ਅਕਾਲੀ ਦਲ ਦੇ ਜਿੱਤੇ ਹੋਏ ਉਮੀਦਵਾਰਾਂ ਨੂੰ ਡਰਾ-ਧਮਕਾ ਰਹੀ ਹੈ। ਉਨ੍ਹਾਂ ਕਿਹਾ ਕਿ ਛਾਪਾ ਮਾਰਨ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਸੁਰਾਜ ਕਲੀਨਿਕ ’ਤੇ ਬਿਨਾਂ ਕਿਸੇ ਸ਼ਿਕਾਇਤ ਅਤੇ ਕਾਗਜ਼ੀ ਕਾਰਵਾਈ ਤੋਂ ਛਾਪਾ ਮਾਰਿਆ ਹੈ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ‘ਆਪ’ ਸਰਕਾਰ ਵਲੋਂ ਆਪਣੀ ਗੁਆਚੀ ਸਿਆਸੀ ਜ਼ਮੀਨ ਨੂੰ ਬਚਾਉਣ ਲਈ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ, ਸਾਬਕਾ ਚੇਅਰਮੈਨ ਡਾ. ਜਗਤਾਰ ਸਿੰਘ ਝੁਨੇਰ, ਬਲਾਕ ਪ੍ਰਧਾਨ ਰਾਜਪਾਲ ਸਿੰਘ ਰਾਜੂ, ਸੁਲੇਮਾਨ ਨੋਨਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਚੱਕ ਤੇ ਹੋਰ ਅਹੁਦੇਦਾਰ ਮੌਜੂਦ ਸਨ।

Share: