Haryana Rajya Sabha Results 2026: ਭਾਜਪਾ ਤੇ ਕਾਂਗਰਸ ਦੇ ਹਿੱਸੇ ਆਈ ਇੱਕ-ਇੱਕ ਸੀਟ

Haryana Rajya Sabha Results 2026: ਭਾਜਪਾ ਤੇ ਕਾਂਗਰਸ ਦੇ ਹਿੱਸੇ ਆਈ ਇੱਕ-ਇੱਕ ਸੀਟ

ਚੰਡੀਗੜ੍ਹ: ਹਰਿਆਣਾ ਦੀਆਂ ਦੋ ਰਾਜ ਸਭਾ ਸੀਟਾਂ ਲਈ ਹੋਈ ਖਿੱਚੋਤਾਣ ਭਰੀ ਚੋਣ ਦੇ ਨਤੀਜੇ ਦੇਰ ਰਾਤ ਐਲਾਨ ਦਿੱਤੇ ਗਏ, ਜਿਸ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਇੱਕ-ਇੱਕ ਸੀਟ ’ਤੇ ਕਬਜ਼ਾ ਕੀਤਾ ਹੈ। ਇਸ ਚੋਣ ਵਿੱਚ ਭਾਜਪਾ ਵੱਲੋਂ ਸੰਜੇ ਭਾਟੀਆ ਅਤੇ ਕਾਂਗਰਸ ਵੱਲੋਂ ਕਰਮਵੀਰ ਬੋਧ ਚੋਣ ਮੈਦਾਨ ਵਿੱਚ ਨਿਤਰੇ ਹੋਏ ਸਨ ਜਦੋਂਕਿ ਸਤੀਸ਼ ਨੰਦਲ ਆਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ। ਰਾਜ ਸਭਾ ਦੀ ਚੋਣ ਵਿੱਚ ਹਰਿਆਣਾ ਦੀਆਂ ਕੁੱਲ 90 ਵੋਟਾਂ ਵਿੱਚੋਂ 88 ਵੋਟਾਂ ਪਈਆਂ ਸਨ, ਜਦੋਂ ਕਿ ਇਨੈਲੋ ਦੇ ਦੋ ਵਿਧਾਇਕਾਂ ਨੇ ਵੋਟਿੰਗ ਤੋਂ ਪਾਸਾ ਵੱਟਿਆ। ਵੋਟਾਂ ਦੀ ਗਿਣਤੀ ਦੌਰਾਨ ਪੰਜ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਅਤੇ 83 ਸਹੀ ਪਾਈਆਂ ਗਈਆਂ ਸਨ। ਇਸ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 28 ਵੋਟਾਂ ਪਈਆਂ ਸਨ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕਾ ਦਾ ਆਪਣੀ ਹੀ ਪਾਰਟੀ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਇਸੇ ਕਰਕੇ ਕਾਂਗਰਸੀ ਵਿਧਾਇਕਾਂ ਦੀ ਵੋਟਾਂ 37 ਤੋਂ ਘੱਟ ਕੇ 28 ਰਹਿ ਗਈਆਂ ਇਸ ਤੋਂ ਸਪਸ਼ਟ ਹੁੰਦਾ ਹੈ ਕੀ ਕਾਂਗਰਸੀ ਵਿਧਾਇਕਾਂ ਨੇ ਆਜ਼ਾਦ ਉਮੀਦਵਾਰ ਤੇ ਹੱਕ ਵਿੱਚ ਵੋਟਾਂ ਪਾਈਆਂ ਸਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸਿਰਫ ਸੰਜੇ ਭਾਟੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਜਦੋਂ ਕਿ ਭਾਜਪਾ ਨੇ ਆਜ਼ਾਦ ਉਮੀਦਵਾਰ ਸਤੀਸ਼ ਨੰਦਲ ਨੂੰ ਬਾਹਰੀ ਤੌਰ ਤੇ ਹਮਾਇਤ ਕੀਤੀ ਸੀ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਵਿੱਚ ਰਾਜ ਸਭਾ ਚੋਣ ਲਈ ਲੜਾਈ ਬਹੁਤ ਮਜਬੂਤ ਸੀ ਪਰ ਕਾਂਗਰਸ ਪਾਰਟੀ ਨੇ ਉਸ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਇੱਕ ਸੀਟ ਉੱਤੇ ਜਿੱਤ ਹਾਸਲ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਕਮੇਟੀ ਰੂਮ ਵਿੱਚ ਸਵੇਰੇ 9 ਵਜੇ ਰਾਜ ਸਭਾ ਉਮੀਦਵਾਰ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਸੀ ਜੋ ਕਿ ਸ਼ਾਮ ਨੂੰ 4 ਵਜੇ ਤੱਕ ਜਾਰੀ ਰਹੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ਾਮ ਨੂੰ 5 ਵਜੇ ਸ਼ੁਰੂ ਹੋਣੀ ਸੀ ਪਰ ਭਾਜਪਾ ਅਤੇ ਕਾਂਗਰਸ ਵੱਲੋਂ ਇੱਕ ਦੂਜੇ ਉੱਤੇ ਵੋਟ ਦੀ ਸੀਕਰੈਸੀ ਲੀਕ ਕਰਨ ਦੇ ਦੋਸ਼ ਲਗਾਏ ਗਏ ਜਿਸ ਕਰਕੇ ਗਿਣਤੀ ਪੰਜ ਘੰਟੇ ਦੇਰੀ ਨਾਲ ਸ਼ੁਰੂ ਹੋਈ। ਆਖਿਰਕਾਰ ਦੇਰ ਰਾਤ 11 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ ਡੇਢ ਵਜੇ ਨਤੀਜੇ ਐਲਾਨੇ ਗਏ।

Share: