ਮਹਿਲ ਕਲਾਂ: ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਰਹਿਮਤ ਅਲੀ ’ਤੇ ਸਰਕਾਰਾਂ ਦੀ ਰਹਿਮਤ ਨਾ ਪੈ ਸਕੀ। ਗ਼ਦਰ ਲਹਿਰ ਦੇ ਮਹਾਨ ਸ਼ਹੀਦ ਨੂੰ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਵਿਸਾਰਿਆ ਹੋਇਆ ਹੈ। ਸ਼ਹੀਦ ਰਹਿਮਤ ਅਲੀ ਦੀ ਨਾ ਤਾਂ ਸਰਕਾਰ ਨੇ ਯਾਦਗਾਰ ਬਣਾਈ ਹੈ ਅਤੇ ਨਾ ਹੀ ਉਨ੍ਹਾਂ ਦੀ ਯਾਦ ਵਿੱਚ ਸਰਕਾਰੀ ਸਮਾਗਮ ਕਰਵਾਇਆ ਗਿਆ। ਸ਼ਹੀਦ ਦੇ ਜੱਦੀ ਪਿੰਡ ਦੇ ਲੋਕ ਆਪਣੇ ਪੱਧਰ ’ਤੇ ਉਨ੍ਹਾਂ ਨੂੰ ਯਾਦ ਕਰ ਕੇ ਸ਼ਰਧਾਂਜਲੀ ਦਿੰਦੇ ਆ ਰਹੇ ਹਨ।ਰਹਿਮਤ ਅਲੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜੀਦਕੇ ਨਾਲ ਸਬੰਧਤ ਸਨ ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ਗ਼ਦਰ ਲਹਿਰ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ, ਸੋਹਣ ਸਿੰਘ ਭਕਨਾ ਵਰਗੇ ਮਹਾਨ ਕ੍ਰਾਂਤੀਕਾਰੀਆਂ ਦਾ ਸੰਗ ਮਾਣਿਆ ਅਤੇ ਮਾਲਵਾ ਖ਼ੇਤਰ ਵਿੱਚ ਗ਼ਦਰ ਲਹਿਰ ਦੀ ਕਮਾਂਡ ਵੀ ਸੰਭਾਲੀ ਸੀ। ਉਨ੍ਹਾਂ ਆਪਣਾ ਘਰ ਬਾਰ ਤਿਆਗ ਕੇ ਸਾਥੀ ਗ਼ਦਰੀਆਂ ਨਾਲ ਮਿਲ ਕੇ ਅੰਗਰੇਜ਼ ਹਾਕਮਾਂ ਨਾਲ ਮੱਥਾ ਲਾਇਆ ਸੀ। ਰਹਿਮਤ ਅਲੀ ਨੂੰ ਸਾਥੀਆਂ ਸਮੇਤ ਅੰਗਰੇਜ਼ ਹਕੂਮਤ ਨੇ 25 ਮਾਰਚ, 1915 ਨੂੰ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ।
ਦੇਸ਼ ਦੀ ਵੰਡ ਤੋਂ ਬਾਅਦ ਰਹਿਮਤ ਅਲੀ ਦਾ ਪਰਿਵਾਰ ਪਾਕਿਸਤਾਨ ਚਲਿਆ ਗਿਆ ਸੀ ਪਰ ਪਿੰਡ ਵਜੀਦਕੇ ਦੇ ਲੋਕ ਅੱਜ ਵੀ ਰਹਿਮਤ ਅਲੀ ’ਤੇ ਮਾਣ ਕਰਦੇ ਆ ਰਹੇ ਹਨ। ਪਿੰਡ ਵਿੱਚ ਸ਼ਹੀਦ ਦਾ ਬੁੱਤ ਵੀ ਲਾਇਆ ਗਿਆ ਅਤੇ ਸਰਕਾਰੀ ਹਾਈ ਸਕੂਲ ਦਾ ਨਾਮ ਵੀ ਰਹਿਮਤ ਅਲੀ ਦੇ ਨਾਮ ’ਤੇ ਰੱਖਿਆ ਗਿਆ ਹੈ। ਸ਼ਹੀਦ ਰਹਿਮਤ ਅਲੀ ਕਲੱਬ ਵਜੀਦਕੇ ਦੇ ਅਹੁਦੇਦਾਰ ਪਾਲੀ ਸਿੰਘ, ਗੁਰਜੀਤ ਸਿੰਘ ਅਤੇ ਜਸਵੀਰ ਸਿੰਘ ਨੇ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪਿੰਡ ਵਿੱਚ ਸ਼ਹੀਦ ਦੀ ਯਾਦ ਵਿੱਚ ਕੋਈ ਯਾਦਗਾਰ ਨਹੀਂ ਬਣਾਈ ਅਤੇ ਨਾ ਹੀ ਪਿੰਡ ਦੇ ਵਿਕਾਸ ਲਈ ਕੋਈ ਤਵੱਜੋ ਦਿੱਤੀ ਹੈ। ਹਰ ਵਰ੍ਹੇ ਪਿੰਡ ਪੱਧਰ ’ਤੇ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 25 ਮਾਰਚ ਨੂੰ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ ਅਤੇ ਸਰਕਾਰ ਦੇ ਨੁਮਾਇੰਦੇ ਵੀ ਸੱਦੇ ਦਿੱਤੇ ਗਏ ਹਨ।

