ਚੰਡੀਗਡ਼੍ਹ: ਮੱਧ ਪੂਰਬ ਵਿੱਚ ਤਣਾਅ ਕਾਰਨ ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ ਦਿੱਤਾ ਹੈ। ਪੰਜਾਬ ’ਚ ਅੱਜ ਗੈਸ ਏਜੰਸੀਆਂ ਅੱਗੇ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਕਈ ਸ਼ਹਿਰਾਂ ’ਚ ਝਗੜੇ ਹੋਏ ਹਨ ਤੇ ਪ੍ਰਦਰਸ਼ਨ ਵੀ ਹੋਣ ਲੱਗੇ ਹਨ। ਪੰਜਾਬ ਸਰਕਾਰ ਨੇ ਸੂਬਾਈ ਪੱਧਰ ’ਤੇ ਰਸੋਈ ਗੈਸ ਦੀ ਜਮ੍ਹਾਖ਼ੋਰੀ ਖ਼ਿਲਾਫ਼ ਮੁਹਿੰਮ ਵਿੱਢੀ ਹੈ ਅਤੇ ਸੈਂਕੜੇ ਗੈਸ ਸਿਲੰਡਰ ਜ਼ਬਤ ਕੀਤੇ ਹਨ।
ਸੂਬੇ ’ਚ ਅੱਜ ਅਫ਼ਰਾ-ਤਫ਼ਰੀ ਦਾ ਮਾਹੌਲ ਦੇਖਣ ਨੂੰ ਮਿਲਿਆ। ਉਹ ਸਵੇਰੇ ਪੰਜ ਵਜੇ ਕਤਾਰ ’ਚ ਲੱਗਿਆ ਸੀ। ਰਸੋਈ ਗੈਸ ਲੈਣ ਦੀ ਖਿੱਚ ਧੂਹ ਦੌਰਾਨ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ’ਚ ਗੈਸ ਏਜੰਸੀ ਦੇ ਮੈਨੇਜਰ ਅਤੇ ਗਾਹਕ ਵਿਚਾਲੇ ਹੱਥੋਪਾਈ ਹੋਈ। ਇਸ ਮੌਕੇ ਰਸੋਈ ਗੈਸ ਲੈਣ ’ਚ ਅਸਫ਼ਲ ਰਹੀ ਬਿਰਧ ਮਹਿਲਾ ਰੋ ਹੀ ਪਈ। ਇਸੇ ਤਰ੍ਹਾਂ ਲੁਧਿਆਣਾ ਦੇ ਸ਼ੇਰਪੁਰ ਇਲਾਕੇ ’ਚ ਭੜਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਲੁਧਿਆਣਾ ਦੇ ਸ਼ਾਂਤੀ ਨਗਰ ਦੇ ਰਮੇਸ਼ ਕੁਮਾਰ ਤੋਂ ਦੋ ਸਕੂਟਰ ਸਵਾਰ ਗੈਸ ਸਿਲੰਡਰ ਖੋਹ ਕੇ ਭੱਜ ਗਏ। ਉਹ ਸਾਈਕਲ ’ਤੇ ਗੈਸ ਸਿਲੰਡਰ ਲੈ ਕੇ ਆ ਰਿਹਾ ਸੀ। ਪੰਜਾਬ ’ਚ ਇਸ ਵੇਲੇ ਤਿੰਨ ਕੰਪਨੀਆਂ ਦੀਆਂ 864 ਗੈਸ ਏਜੰਸੀਆਂ ਹਨ, ਜਿਨ੍ਹਾਂ ਤੋਂ ਪ੍ਰਤੀ ਮਹੀਨਾ 28 ਤੋਂ 30 ਲੱਖ ਗੈਸ ਸਿਲੰਡਰਾਂ ਦੀ ਖ਼ਪਤ ਹੁੰਦੀ ਹੈ। ਫੈਡਰੇਸ਼ਨ ਆਫ਼ ਐੱਲ ਪੀ ਜੀ ਗੈਸ ਡਿਸਟ੍ਰੀਬਿਊਟਰਜ਼ ਆਫ਼ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਮਾਨ ਨੇ ਦੱਸਿਆ ਕਿ ਗੈਸ ਸੰਕਟ ਕਾਰਨ ਹੁਣ ਝਗੜੇ ਹੋ ਰਹੇ ਹਨ। ਉਨ੍ਹਾਂ ਪੰਜਾਬ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਗੈਸ ਏਜੰਸੀਆਂ ਦੇ ਸਟਾਫ਼ ਤੇ ਲੇਬਰ ਦੀ ਜਾਨ-ਮਾਲ ਦੀ ਰੱਖਿਆ ਦਾ ਮਾਮਲਾ ਉਠਾਇਆ ਹੈ। ਪੰਜਾਬ ’ਚ ਇਸ ਵੇਲੇ ਰਸੋਈ ਗੈਸ ਦੇ 32.94 ਲੱਖ ਖ਼ਪਤਕਾਰ ਹਨ।
ਸ਼ਹਿਣਾ ’ਚ ਸਿਲੰਡਰ ਲੈਣ ਗਏ ਗਾਹਕ ਦੀ ਮੌਤ
ਇਸ ਕਸਬੇ ਵਿੱਚ ਅੱਜ ਸਵੇਰੇ 5 ਵਜੇ ਦੇ ਕਰੀਬ ਰਸੋਈ ਗੈਸ ਸਿਲੰਡਰ ਲੈਣ ਲਈ ਕਤਾਰ ਵਿੱਚ ਲੱਗੇ 65 ਸਾਲਾ ਭੂਸ਼ਣ ਕੁਮਾਰ ਮਿੱਤਲ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭੂਸ਼ਣ ਕੁਮਾਰ ਪਿਛਲੇ ਇੱਕ-ਦੋ ਦਿਨਾਂ ਤੋਂ ਸਿਲੰਡਰ ਲੈਣ ਲਈ ਚਾਰਾਜੋਈ ਕਰ ਰਿਹਾ ਸੀ ਅਤੇ ਅੱਜ ਸਵੇਰ ਤੋਂ ਹੀ ਉਹ ਸਿਲੰਡਰ ਵਾਸਤੇ ਕਤਾਰ ਵਿੱਚ ਲੱਗਿਆ ਹੋਇਆ ਸੀ। ਉਸ ਦਾ 25ਵਾਂ ਨੰਬਰ ਸੀ। ਇਸ ਦੌਰਾਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਮੰਜੇ ’ਤੇ ਪਾ ਕੇ ਮੁੱਢਲ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਭੂਸ਼ਨ ਕੁਮਾਰ ਅਤੇ ਉਸ ਦੀ ਪਤਨੀ ਕਸਬਾ ਸ਼ਹਿਣਾ ਵਿੱਚ ਹੀ ਰਹਿੰਦੇ ਸਨ।
ਜਮ੍ਹਾਂਖੋਰੀ ਖਿਲਾਫ਼ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ
ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿਲੰਡਰਾਂ ਦੀ ਜਮ੍ਹਾਂਖੋਰੀ ਰੋਕਣ ਲਈ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰਾਂ ਨੇ ਸੂਬੇ ਭਰ ਵਿੱਚ 864 ਗੈਸ ਏਜੰਸੀਆਂ ਦੇ ਮਾਲਕਾਂ ਨਾਲ ਮੀਟਿੰਗਾਂ ਕਰ ਕੇ ਸਾਫ਼ ਕਰ ਦਿੱਤਾ ਹੈ ਕਿ ਕਾਲਾਬਾਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ’ਚ ਗੈਸ ਦੀ ਕੋਈ ਕਮੀ ਨਹੀਂ ਪਰ ਲੋਕ ਘਬਰਾਹਟ ਵਿੱਚ ਆ ਗਏ ਹਨ।

