ਚੰਡੀਗਡ਼੍ਹ: ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਅੱਜ ਸਦਨ ’ਚ ਬਹੁਤ ਸਲੀਕੇ ਅਤੇ ਮੋਹ ਭਰੇ ਅੰਦਾਜ਼ ਨਾਲ ਹੁਕਮਰਾਨ ਧਿਰ ’ਤੇ ਨਿਸ਼ਾਨਾ ਸੇਧਿਆ, ਜਿਸ ਦੀ ਸਦਨ ’ਚ ਪ੍ਰਸ਼ੰਸਾ ਹੋਈ। ਗਨੀਵ ਕੌਰ ਮਜੀਠੀਆ ਦਾ ਹਮਲਾਵਰ ਰੁਖ਼ ਪਹਿਲੀ ਵਾਰ ਅੱਜ ਸਦਨ ’ਚ ਦੇਖਣ ਨੂੰ ਮਿਲਿਆ। ਸਦਨ ’ਚ ਅਕਸਰ ਗਨੀਵ ਕੌਰ ਸ਼ਾਂਤ ਬੈਠੇ ਨਜ਼ਰ ਆਉਂਦੇ ਹਨ ਅਤੇ ਬਹੁਤ ਘੱਟ ਮੌਕਿਆਂ ’ਤੇ ਬੋਲਦੇ ਰਹੇ ਹਨ।
ਜਦੋਂ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਨਿੰਦਾ ਮਤੇ ’ਤੇ ਬਹਿਸ ਚੱਲ ਰਹੀ ਸੀ ਤਾਂ ਉਸ ਵਕਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗਨੀਵ ਕੌਰ ਮਜੀਠੀਆ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ‘ਹਾਂ ਬੀਬਾ ਜੀ, ਤੁਸੀਂ ਬੋਲੋ।’ ਸਪੀਕਰ ਵੱਲੋਂ ‘ਬੀਬਾ ਜੀ’ ਆਖੇ ਜਾਣ ’ਤੇ ਜਦੋਂ ‘ਆਪ’ ਦੀਆਂ ਕੁਝ ਮਹਿਲਾ ਵਿਧਾਇਕਾਂ ਗੁੱਝੇ ਰੂਪ ’ਚ ਹੱਸੀਆਂ ਤਾਂ ਗਨੀਵ ਕੌਰ ਨੇ ਕਿਹਾ ‘ਉਧਰਲੇ ਪਾਸੇ ਬੈਠੀਆਂ ਭੈਣਾਂ ਨੇ ਬੀਬੀਆਂ ਦਾ ਪੱਖ ਪੂਰਿਆ ਹੈ, ਉਹ ਮੇਰੀ ਗੱਲ ਵੀ ਸੁਣਨਗੀਆਂ।’ ਭਾਸ਼ਾ ਦੀ ਮਰਿਆਦਾ ’ਚ ਰਹਿੰਦੇ ਹੋਏ ਗਨੀਵ ਕੌਰ ਨੇ ਕਿਹਾ ਕਿ ‘ਬੀਬਾ ਜੀ’ ਕਹਿਣ ’ਤੇ ਹੱਸਣਾ, ਕੀ ਇਹ ਬੀਬੀਆਂ ਦਾ ਸਤਿਕਾਰ ਹੈ? ਮੁੱਖ ਮੰਤਰੀ ਨੇ ਵੀ ਬੀਬੀਆਂ ’ਤੇ ਟਿੱਪਣੀ ਕਰਕੇ ਮਖ਼ੌਲ ਬਣਾਇਆ ਹੈ, ਜਦੋਂ ‘ਆਪ’ ਮਹਿਲਾ ਵਿਧਾਇਕਾਂ ਨੇ ਟੋਕਣਾ ਚਾਹਿਆ ਤਾਂ ਗਨੀਵ ਕੌਰ ਨੇ ਕਿਹਾ ਕਿ ‘ਮੇਰੇ ਭੈਣ ਜੀ! ਹੁਣ ਮੈਨੂੰ ਬੋਲਣ ਦਿਓ।’
ਗਨੀਵ ਕੌਰ ਨੇ ਸੁਆਲ ਚੁੱਕਿਆ ਕਿ ਜੋ ਮੁਕਾਬਲੇ ’ਚ ਮਾਰੇ ਗਏ ਹਨ, ਉਹ ਵੀ ਕਿਸੇ ਮਾਂ ਦੇ ਪੁੱਤ ਨੇ। ਕੀ ਉਨ੍ਹਾਂ ਨੂੰ ਇਨਸਾਫ਼ ਮਿਲਿਆ। ਆਂਗਣਵਾੜੀ ਵਰਕਰਾਂ ’ਤੇ ਜਬਰ ਕੀਤਾ ਗਿਆ। ਗਨੀਵ ਕੌਰ ਨੇ ਅੱਜ ਸਦਨ ’ਚ ਬਿਨਾਂ ਕੁਝ ਬੋਲੇ ਸੁਖਪਾਲ ਖਹਿਰਾ ਖ਼ਿਲਾਫ਼ ਭੁਗਤਣ ਤੋਂ ਗੁਰੇਜ਼ ਕੀਤਾ। ਕੁਝ ਸਮੇਂ ਮਗਰੋਂ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਗਨੀਵ ਕੌਰ ਵੱਲ ਵੇਖਦਿਆਂ ਸਦਨ ’ਚ ਕਿਹਾ ਕਿ ਜਦੋਂ ਅੰਮ੍ਰਿਤਸਰ ’ਚ ਆਪਣੀ ਧੀ ਦੀ ਹਿਫ਼ਾਜ਼ਤ ਲਈ ਡਟੇ ਏ ਐੱਸ ਆਈ ’ਤੇ ਹਮਲਾ ਹੋਇਆ ਸੀ ਤਾਂ ਉਸ ਵਕਤ ਅਕਾਲੀ ਦਲ ਦੀ ਹੀ ਸਰਕਾਰ ਸੀ। ਮੋੜਵੇਂ ਜੁਆਬ ’ਚ ਗਨੀਵ ਕੌਰ ਨੇ ਕਿਹਾ ਕਿ ‘ਤੁਸੀਂ ਆਪਣੀ ਗੱਲ ਕਰੋ, ਸਾਡੀ ਸਰਕਾਰ ਗਈ ਨੂੰ ਤਾਂ ਕਿੰਨਾ ਸਮਾਂ ਹੋ ਗਿਆ ਹੈ।’
ਅਰੁਣਾ ਚੌਧਰੀ ਨੇ ਵੀ ਹੱਲਾ ਬੋਲਿਆ
ਕਾਂਗਰਸੀ ਮਹਿਲਾ ਵਿਧਾਇਕ ਅਰੁਣਾ ਚੌਧਰੀ ਵੀ ਅੱਜ ਤਲਖ਼ ਰਵੱਈਏ ਨਾਲ ਹਾਕਮ ਧਿਰ ’ਤੇ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਕੱਲ੍ਹ ਜਦੋਂ ਖਹਿਰਾ ਆਉਣਗੇ, ਉਸ ਵਕਤ ਜੋ ਮਰਜ਼ੀ ਫ਼ੈਸਲਾ ਲੈ ਲੈਣਾ। ਅਰੁਣਾ ਚੌਧਰੀ ਨੇ ਕਿਹਾ ਕਿ ਜਦੋਂ ਅਧਿਆਪਕਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਹਨ, ਮਹਿਲਾ ਅਧਿਆਪਕਾਂ ਨੂੰ ਘੜੀਸਿਆ ਜਾਂਦਾ ਹੈ, ਕੀ ਇਹ ਔਰਤਾਂ ਦਾ ਸਨਮਾਨ ਹੈ। ਔਰਤਾਂ ਦੀਆਂ ਚੁੰਨੀਆਂ ਲਾਹੀਆਂ ਜਾਂਦੀਆਂ ਹਨ।

