ਨਿਊਯਾਰਕ: ਅਮਰੀਕੀ ਜਾਂਚ ਏਜੰਸੀ FBI ਨੇ ਸਾਲ 2015 ਵਿੱਚ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਭਾਰਤੀ ਨਾਗਰਿਕ ਭਦਰੇਸ਼ਕੁਮਾਰ ਚੇਤਨਭਾਈ ਪਟੇਲ ਦੀ ਗ੍ਰਿਫਤਾਰੀ ਲਈ ਇਨਾਮੀ ਰਾਸ਼ੀ ਵਿੱਚ ਭਾਰੀ ਵਾਧਾ ਕੀਤਾ ਹੈ। ਪਹਿਲਾਂ ਇਹ ਇਨਾਮ 2,50,000 ਡਾਲਰ ਸੀ, ਜਿਸ ਨੂੰ ਹੁਣ ਵਧਾ ਕੇ 1 ਮਿਲੀਅਨ ਅਮਰੀਕੀ ਡਾਲਰ (ਲਗਭਗ 8.2 ਕਰੋੜ ਰੁਪਏ) ਕਰ ਦਿੱਤਾ ਗਿਆ ਹੈ। 35 ਸਾਲਾ ਪਟੇਲ FBI ਦੀ ‘ਦਸ ਸਭ ਤੋਂ ਲੋੜੀਂਦੇ ਭਗੌੜਿਆਂ’ ਦੀ ਸੂਚੀ ਵਿੱਚ ਸ਼ਾਮਲ ਹੈ।
ਦੱਸਣਯੋਗ ਹੈ ਕਿ 12 ਅਪਰੈਲ 2015 ਨੂੰ ਮੈਰੀਲੈਂਡ ਦੇ ਇੱਕ ਡੋਨਟ ਸ਼ਾਪ ਵਿੱਚ ਕੰਮ ਕਰਦੇ ਸਮੇਂ ਪਟੇਲ ਨੇ ਆਪਣੀ 21 ਸਾਲਾ ਪਤਨੀ ਪਲਕ ਪਟੇਲ ’ਤੇ ਕਈ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਜਾਂਚਕਰਤਾਵਾਂ ਅਨੁਸਾਰ ਪਲਕ ਭਾਰਤ ਵਾਪਸ ਜਾਣਾ ਚਾਹੁੰਦੀ ਸੀ ਕਿਉਂਕਿ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਚੁੱਕੀ ਸੀ, ਪਰ ਭਦਰੇਸ਼ ਇਸ ਦੇ ਖਿਲਾਫ ਸੀ। ਕਤਲ ਤੋਂ ਬਾਅਦ ਪਟੇਲ ਬੜੀ ਚਲਾਕੀ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਉਹ ਆਖਰੀ ਵਾਰ ਨਿਊ ਜਰਸੀ ਦੇ ਨਿਊਯਾਰਕ ਪੈਨ ਸਟੇਸ਼ਨ ’ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। FBI ਦਾ ਮੰਨਣਾ ਹੈ ਕਿ ਉਹ ਬੇਹੱਦ ਖਤਰਨਾਕ ਅਤੇ ਹਥਿਆਰਬੰਦ ਹੋ ਸਕਦਾ ਹੈ।
ਏਜੰਸੀ ਨੂੰ ਸ਼ੱਕ ਹੈ ਕਿ ਉਹ ਅਮਰੀਕਾ ਵਿੱਚ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਕੋਲ ਛੁਪਿਆ ਹੋ ਸਕਦਾ ਹੈ ਜਾਂ ਕੈਨੇਡਾ ਦੇ ਰਸਤੇ ਭਾਰਤ ਭੱਜ ਗਿਆ ਹੋ ਸਕਦਾ ਹੈ। ਪਟੇਲ ‘ਤੇ ਫਸਟ-ਡਿਗਰੀ ਮਾਰਡਰ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਭੱਜਣ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ। FBI ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕਰੇ।

