ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਚਾਰ ਰਾਜਾਂ (ਅਸਾਮ, ਕੇਰਲਾ, ਪੱਛਮੀ ਬੰਗਾਲ ਤੇ ਤਾਮਿਲ ਨਾਡੂ) ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਅਸੈਂਬਲੀ ਚੋਣਾਂ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅਸਾਮ, ਕੇਰਲਾ ਤੇ ਪੁੱਡੂਚੇਰੀ ਵਿੱਚ ਇਕਹਿਰੇ ਗੇੜ ਤਹਿਤ 9 ਅਪਰੈਲ ਨੂੰ ਪੋਲਿੰਗ ਹੋਵੇਗੀ। ਪੱਛਮੀ ਬੰਗਾਲ ਵਿੱਚ 23 ਤੇ 29 ਅਪਰੈਲ ਨੂੰ ਦੋ ਗੇੜਾਂ ਵਿੱਚ ਵੋਟਾਂ ਪੈਣਗੀਆਂ ਜਦੋਂਕਿ ਤਾਮਿਲ ਨਾਡੂ ਵਿੱਚ 23 ਅਪਰੈਲ ਨੂੰ ਇਕੋ ਗੇੜ ’ਚ ਵੋਟਿੰਗ ਹੋਵੇਗੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਪ੍ਰੈੱਸ ਕਾਨਰਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਾਰ ਰਾਜਾਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੁੱਲ 824 ਸੀਟਾਂ ਲਈ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ। ਚੋਣਾਂ ਦੇ ਐਲਾਨ ਨਾਲ ਚੋਣ ਜ਼ਾਬਤਾ ਫੌਰੀ ਅਮਲ ਵਿੱਚ ਆ ਗਿਆ ਹੈ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੋ ਚੋਣ ਕਮਿਸ਼ਨਰਾਂ- ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ, ਦੀ ਮੌਜੂਦਗੀ ਵਿੱਚ ਕਿਹਾ, ‘‘ਅਸਾਮ ਦੀਆਂ ਸਾਰੀਆਂ ਸੀਟਾਂ ਲਈ 9 ਅਪਰੈਲ ਨੂੰ ਵੋਟਿੰਗ ਹੋਵੇਗੀ। ਪੱਛਮੀ ਬੰਗਾਲ ਵਿੱਚ 23 ਅਪਰੈਲ ਤੇ 29 ਅਪਰੈਲ ਨੂੰ ਦੋ ਗੇੜਾਂ ਵਿੱਚ ਵੋਟਾਂ ਪੈਣਗੀਆਂ। ਕੇਰਲਾ ਤੇ ਪੁੱਡੂਚੇਰੀ ਦੀਆਂ ਸਾਰੀਆਂ ਸੀਟਾਂ ਲਈ 9 ਅਪਰੈਲ ਜਦੋਂਕਿ ਤਾਮਿਲ ਨਾਡੂ ਵਿੱਚ 23 ਅਪਰੈਲ ਨੂੰ ਪੋਲਿੰਗ ਹੋਵੇਗੀ। ਚੋਣਾਂ ਹਿੰਸਾ ਜਾਂ ਦਬਾਅ ਮੁਕਤ ਹੋਣਗੀਆਂ ਤੇ ਚੋਣ ਕਮਿਸ਼ਨ ਕਿਸੇ ਵੀ ਉਲੰਘਣਾ ਖਿਲਾਫ਼ ਸਖ਼ਤ ਕਾਰਵਾਈ ਕਰੇਗਾ।’’
ਤਾਮਿਲ ਨਾਡੂ ਵਿੱਚ ਕੁੱਲ 234 ਅਸੈਂਬਲੀ ਸੀਟਾਂ ਹਨ, ਜਿੱਥੇ ਡੀ ਐੱਮ ਕੇ ਆਗੂ ਐੱਮ ਕੇ ਸਟਾਲਿਨ 7 ਮਈ 2021 ਤੋਂ ਮੁੱਖ ਮੰਤਰੀ ਹਨ। ਪੱਛਮੀ ਬੰਗਾਲ ਅਸੈਂਬਲੀ ਵਿੱਚ 294 ਅਸੈਂਬਲੀ ਸੀਟਾਂ ਹਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਸਾਲ 2011 ਤੋਂ ਇਥੇ ਸੱਤਾ ਵਿੱਚ ਹੈ। 140 ਮੈਂਬਰੀ ਕੇਰਲਾ ਅਸੈਂਬਲੀ ਵਿੱਚ ਖੱਬੇਪੱਖੀ ਆਗੂ ਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਦੀ ਅਗਵਾਈ ਹੇਠ 2016 ਤੋਂ ਖੱਬੇ ਜਮਹੂਰੀ ਮੋਰਚੇ (ਐੱਲ ਡੀ ਐੱਫ) ਦੀ ਸਰਕਾਰ ਹੈ। ਅਸਾਮ ਵਿੱਚ 126 ਅਸੈਂਬਲੀ ਸੀਟਾਂ ਹਨ ਤੇ ਉੱਤਰ-ਪੂਰਬੀ ਰਾਜ ਵਿੱਚ 2016 ਤੋਂ ਭਾਜਪਾ ਸੱਤਾ ’ਚ ਹੈ। ਹਿਮੰਤਾ ਬਿਸਵਾ ਸਰਮਾ 2021 ਤੋਂ ਮੁੱਖ ਮੰਤਰੀ ਹਨ। ਪੁੱਡੂਚੇਰੀ ਦੇ ਮੁੱਖ ਮੰਤਰੀ ਐੱਨ ਰੰਗਾਸਾਮੀ 2021 ਤੋਂ ਸੱਤਾ ਵਿੱਚ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁੱਲ 33 ਸੀਟਾਂ ਹਨ। ਇਨ੍ਹਾਂ ਵਿੱਚ ਕੇਂਦਰ ਸਰਕਾਰ ਵੱਲੋਂ ਨਾਮਜ਼ਦ ਤਿੰਨ ਮੈਂਬਰ ਵੀ ਸ਼ਾਮਲ ਹਨ।
ਅੱਠ ਹਲਕਿਆਂ ’ਚ ਜ਼ਿਮਨੀ ਚੋਣਾਂ ਹੋਣਗੀਆਂ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਛੇ ਰਾਜਾਂ ਦੀਆਂ ਅੱਠ ਅਸੈਂਬਲੀ ਸੀਟਾਂ ਉੱਤੇ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਗੋਆ, ਕਰਨਾਟਕ, ਨਾਗਾਲੈਂਡ ਤੇ ਤ੍ਰਿਪੁਰਾ ਵਿੱਚ ਪੰਜ ਅਸੈਂਬਲੀ ਸੀਟਾਂ ਲਈ ਜ਼ਿਮਨੀ ਚੋਣ 9 ਅਪਰੈਲ ਅਤੇ ਗੁਜਰਾਤ ਤੇ ਮਹਾਰਾਸ਼ਟਰ ਦੇ ਤਿੰਨ ਹੋਰ ਹਲਕਿਆਂ ਲਈ ਜ਼ਿਮਨੀ ਚੋਣ 23 ਅਪਰੈਲ ਨੂੰ ਹੋਵੇਗੀ। ਇਨ੍ਹਾਂ ਅੱਠ ਹਲਕਿਆਂ ਲਈ ਚੋਣ ਨਤੀਜਿਆਂ ਦਾ ਐਲਾਨ 4 ਮਈ ਨੂੰ ਹੋਵੇਗਾ। ਇਨ੍ਹਾਂ ਸੀਟਾਂ ’ਤੇ ਮੌਜੂਦਾ ਵਿਧਾਇਕਾਂ ਦੀ ਮੌਤ ਕਰ ਕੇ ਜ਼ਿਮਨੀ ਚੋਣ ਦੀ ਲੋੜ ਪਈ ਹੈ। ਇਨ੍ਹਾਂ ਅੱਠ ਹਲਕਿਆਂ ਵਿੱਚ ਪੌਂਡਾ (ਗੋਆ), ਬਾਗਲਕੋਟ ਤੇ ਦਾਵਣਗੇਰੇ ਦੱਖਣੀ (ਕਰਨਾਟਕ), ਕੋਰੀਡਾਂਗ (ਨਾਗਾਲੈਂਡ), ਧਰਮਾਨਗਰ (ਤ੍ਰਿਪੁਰਾ), ਉਮਰੇਠ (ਗੁਜਰਾਤ) ਅਤੇ ਰਾਹੂਰੀ ਤੇ ਬਾਰਾਮਤੀ (ਮਹਾਰਾਸ਼ਟਰ) ਸ਼ਾਮਲ ਹਨ।
ਗਿਆਨੇਸ਼ ਨੇ ਅਹੁਦੇ ਤੋਂ ਹਟਾਉਣ ਸਬੰਧੀ ਸਵਾਲਾਂ ਤੋਂ ਕੰਨੀ ਵੱਟੀ
ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਗਿਆਨੇਸ਼ ਕੁਮਾਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਵਿਰੋਧੀ ਧਿਰਾਂ ਵੱਲੋਂ ਸੰਸਦ ’ਚ ਕੀਤੀ ਜਾ ਰਹੀ ਚਾਰਾਜੋਈ ਬਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਅੱਜ ਟਾਲਾ ਵੱਟ ਗਏ। ਚਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਚੋਣਾਂ ਦੇ ਐਲਾਨ ਲਈ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕੁਮਾਰ ਵਿਰੋਧੀ ਧਿਰ ਵੱਲੋਂ ਦਿੱਤੇ ਨੋਟਿਸ ਬਾਰੇ ਸਵਾਲਾਂ ਤੋੋਂ ਟਾਲਾ ਵੱਟ ਗਏ। ਚੇਤੇ ਰਹੇ ਕਿ ਸੀ ਈ ਸੀ ਨੂੰ ਸਿਰਫ਼ ਸੰਸਦ ਵੱਲੋਂ ਹੀ ਹਟਾਇਆ ਜਾ ਸਕਦਾ ਹੈ ਜਦੋਂਕਿ ਸੀ ਈ ਸੀ ਵੱਲੋਂ ਰਾਸ਼ਟਰਪਤੀ ਨੂੰ ਕੀਤੀ ਸਿਫਾਰਸ਼ ਉੱਤੇ ਹੀ ਚੋਣ ਕਮਿਸ਼ਨਰਾਂ ਨੂੰ ਹਟਾਇਆ ਜਾ ਸਕਦਾ ਹੈ। ਵਿਰੋਧੀ ਧਿਰਾਂ ਸੀ ਈ ਸੀ ’ਤੇ ਕਈ ਮੌਕਿਆਂ ’ਤੇ ਭਾਜਪਾ ਦਾ ਪੱਖ ਪੂਰਨ ਦਾ ਦੋਸ਼ ਲਾ ਚੁੱਕੀਆਂ ਹਨ।
ਗੇੜਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ: ਟੀ ਐੱਮ ਸੀ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਨੇ ਸੂੂਬੇ ਵਿੱਚ ਚੋਣ ਤਰੀਕਾਂ ਦੇ ਐਲਾਨ ਮਗਰੋਂ ਅੱਜ ਕਿਹਾ ਕਿ ਚੋਣਾਂ ਜਿੰਨੇ ਮਰਜ਼ੀ ਗੇੜਾਂ ਵਿੱਚ ਹੋਣ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਤੇ ਭਾਜਪਾ ਨੂੰ ਬਾਹਰ ਦਾ ਰਾਹ ਵਿਖਾਵਾਂਗੇ। ਪਾਰਟੀ ਨੇ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਨੇ ਅਸੈਂਬਲੀ ਚੋਣਾਂ ਦੋ ਗੇੜਾਂ ’ਚ ਕਰਵਾਉਣ ਦਾ ਫ਼ੈਸਲਾ ‘ਆਪਣੇ ਸਿਆਸੀ ਆਕਾਵਾਂ ਦੀਆਂ ਲੋੜਾਂ’ ਮੁਤਾਬਕ ਕੀਤਾ ਹੈ। ਪਾਰਟੀ ਨੇ ਕਮਿਸ਼ਨ ਵੱਲੋਂ 2021, ਜਦੋਂ ਕਰੋਨਾ ਦੀ ਲਾਗ ਦੇ ਕੇਸ ਸਿਖਰ ’ਤੇ ਸਨ, ਵਿੱਚ ਅੱਠ ਗੇੜਾਂ ’ਚ ਚੋਣਾਂ ਕਰਵਾਉਣ ਦੇ ‘ਦੋਹਰੇ ਰਵੱਈਏ’ ਉੱਤੇ ਵੀ ਸਵਾਲ ਉਠਾਏ।

