ਇਰਾਨ ’ਤੇ ਹਮਲੇ ਮਗਰੋਂ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ

ਇਰਾਨ ’ਤੇ ਹਮਲੇ ਮਗਰੋਂ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ

ਨਿੳੂਯਾਰਕ: ਇਰਾਨ ਉਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਹਮਲਿਆਂ ਅਤੇ ਇਰਾਨ ਦੀ ਜਵਾਬੀ ਕਾਰਵਾਈ ਮਗਰੋਂ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਗਈਆਂ। ਕਾਰੋਬਾਰੀਆਂ ਮੁਤਾਬਕ ਇਰਾਨ ਅਤੇ ਮੱਧ ਪੂਰਬੀ ਖ਼ਿੱਤੇ ’ਚੋਂ ਤੇਲ ਦੀ ਸਪਲਾਈ ’ਚ ਅੜਿੱਕਾ ਪੈ ਸਕਦਾ ਹੈ। ਫ਼ਾਰਸ ਦੀ ਖਾੜੀ ’ਚ ਹੋਰਮੁਜ਼ ਜਲ ਖੇਤਰ ’ਚ ਦੋ ਤੇਲ ਟੈਂਕਰਾਂ ’ਤੇ ਹਮਲਿਆਂ ਮਗਰੋਂ ਬਾਕੀ ਦੁਨੀਆ ਨੂੰ ਤੇਲ ਦੀ ਬਰਾਮਦ ’ਤੇ ਅਸਰ ਪਿਆ ਹੈ। ਕੱਚੇ ਤੇਲ ਦਾ ਭਾਅ ਸੋਮਵਾਰ ਸਵੇਰੇ 9 ਫ਼ੀਸਦ ਚੜ੍ਹ ਕੇ 79.41 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ ਜੋ ਸੱਤ ਮਹੀਨਿਆਂ ’ਚ ਸਭ ਤੋਂ ਵਧ ਹੈ। ਉਧਰ, ਕਤਰ ਨੇ ਜੰਗ ਕਾਰਨ ਐੱਲ ਐੱਨ ਜੀ ਦਾ ਉਤਪਾਦਨ ਰੋਕਣ ਦਾ ਫ਼ੈਸਲਾ ਲਿਆ ਹੈ।

ਫ਼ਾਰਸ ਦੀ ਖਾੜੀ ਵਿਚ ਤੰਗ ਸਮੁੰਦਰੀ ਰਸਤੇ ਹਰਮੁਜ਼ ਸਟਰੇਟ, ਜਿਸ ਦੀ ਕੁਝ ਥਾਈਂ ਚੌੜਾਈ 40 ਕਿਲੋਮੀਟਰ ਤੋਂ ਵੀ ਘੱਟ ਰਹਿ ਜਾਂਦੀ ਹੈ, ਰਾਹੀਂ ਦੁਨੀਆ ਦਾ ਕਰੀਬ 20 ਫ਼ੀਸਦ ਭਾਵ ਡੇਢ ਕਰੋੜ ਬੈਰਲ ਕੱਚਾ ਤੇਲ ਰੋਜ਼ਾਨਾ ਹੋਰ ਮੁਲਕਾਂ ਨੂੰ ਭੇਜਿਆ ਜਾਂਦਾ ਹੈ। ਇਸ ਰਾਹੀਂ ਸਾਊਦੀ ਅਰਬ, ਕੁਵੈਤ, ਇਰਾਕ, ਕਤਰ, ਬਹਿਰੀਨ, ਯੂ ਏ ਈ ਅਤੇ ਇਰਾਨ ਟੈਂਕਰਾਂ ’ਚ ਤੇਲ ਤੇ ਗੈਸ ਭੇਜਦੇ ਹਨ। ਇਰਾਨ ਨੇ ਫਰਵਰੀ ਦੇ ਅੱਧ ਵਿਚਾਲੇ ਇਸ ਜਲ ਮਾਰਗ ਦਾ ਕੁਝ ਹਿੱਸਾ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਸੀ। ਇਰਾਨ ਵੱਲੋਂ ਰੋਜ਼ਾਨਾ 16 ਲੱਖ ਬੈਰਲ ਤੇਲ ਬਰਾਮਦ ਕੀਤਾ ਜਾਂਦਾ ਹੈ ਜਿਸ ’ਚੋਂ ਜ਼ਿਆਦਾਤਰ ਤੇਲ ਚੀਨ ਨੂੰ ਜਾਂਦਾ ਹੈ। ਮਾਹਿਰਾਂ ਮੁਤਾਬਕ ਸਪਲਾਈ ਬੰਦ ਹੋਣ ਨਾਲ ਚੀਨ ਨੂੰ ਝਟਕਾ ਲੱਗ ਸਕਦਾ ਹੈ ਪਰ ਉਸ ਕੋਲ ਹਾਲੇ ਤੇਲ ਦੇ ਕਾਫੀ ਭੰਡਾਰ ਹਨ ਅਤੇ ਉਹ ਰੂਸ ਤੋਂ ਤੇਲ ਦੀ ਦਰਾਮਦ ਵਧਾ ਸਕਦਾ ਹੈ।

ਡਰੋਨ ਹਮਲੇ ਮਗਰੋਂ ਅਰਾਮਕੋ ਵੱਲੋਂ ਰਿਫਾਇਨਰੀ ਬੰਦ

ਦੁਬਈ: ਇਰਾਨੀ ਡਰੋਨਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਮਗਰੋਂ ਸਾਊਦੀ ਅਰਾਮਕੋ ਨੇ ਦੰਮਾਮ ਨੇੜੇ ਰਾਸ ਤਾਨੂਰਾ ਤੇਲ ਰਿਫਾਇਨਰੀ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਹੈ। ਸਾਊਦੀ ਅਰਬ ਦੇ ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਰਿਫਾਇਨਰੀ ’ਚ ਅੱਗ ਲੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਕੰਪਨੀ ਨੇ ਇਹਤਿਆਤ ਵਜੋਂ ਰਿਫਾਇਨਰੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਰਿਫਾਇਨਰੀ ’ਚ ਇਕ ਦਿਨ ’ਚ ਪੰਜ ਲੱਖ ਬੈਰਲ ਤੋਂ ਵੱਧ ਕੱਚਾ ਤੇਲ ਸੋਧਣ ਦੀ ਸਮਰੱਥਾ ਹੈ।

Share: