ਅਫ਼ਗ਼ਾਨਿਸਤਾਨ ’ਤੇ ਪਾਕਿ ਹਵਾਈ ਹਮਲਿਆਂ ਦੀ ਆਲੋਚਨਾ

ਅਫ਼ਗ਼ਾਨਿਸਤਾਨ ’ਤੇ ਪਾਕਿ ਹਵਾਈ ਹਮਲਿਆਂ ਦੀ ਆਲੋਚਨਾ

ਸੰਯੁਕਤ ਰਾਸ਼ਟਰ: ਭਾਰਤ ਨੇ ਅਫ਼ਗ਼ਾਨਿਸਤਾਨ ’ਤੇ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਨਿੰਦਾ ਕਰਦਿਆਂ ਇਸ ਨੂੰ ਕੌਮਾਂਤਰੀ ਕਾਨੂੰਨ ਦੀ ਸਪੱਸ਼ਟ ਉਲੰਘਣਾ ਕਰਾਰ ਦਿੱਤਾ ਅਤੇ ਕਿਹਾ ਹੈ ਕਿ ਰਮਜ਼ਾਨ ਦੌਰਾਨ ਆਮ ਲੋਕਾਂ ਦੀ ਜਾਨ ਲੈਣ ਵਾਲੇ ਹਮਲੇ ਕਰਦੇ ਸਮੇਂ ਇਸਲਾਮੀ ਇਕਜੁੱਟਤਾ ਦਾ ਸੱਦਾ ਦੇਣਾ ‘ਪਾਖੰਡ’ ਹੈ। ਬੀਤੇ ਦਿਨ ਅਫ਼ਗ਼ਾਨਿਸਤਾਨ ਦੀ ਸਥਿਤੀ ਬਾਰੇ ਸੁਰੱਖਿਆ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਹਰੀਸ਼ ਪਰਵਤਨੇਨੀ ਨੇ ਕੌਮਾਂਤਰੀ ਮਨੁੱਖੀ ਕਾਨੂੰਨ ਦੇ ਪਾਲਣ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਸੱਦੇ ਪ੍ਰਤੀ ਨਵੀਂ ਦਿੱਲੀ ਦੀ ਹਮਾਇਤ ਦੁਹਰਾਈ। ਉਨ੍ਹਾਂ ਕਿਹਾ, ‘‘ਭਾਰਤ, ਅਫ਼ਗ਼ਾਨਿਸਤਾਨ ਦੀ ਧਰਤੀ ’ਤੇ ਹੋਏ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹੈ ਜੋ ਕੌਮਾਂਤਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਅਤੇ ਦੇਸ਼ ਦੀ ਪ੍ਰਭੂਸੱਤਾ ਦੇ ਸਿਧਾਂਤ ਦੀ ਉਲੰਘਣਾ ਹੈ।’’ ਉਨ੍ਹਾਂ ਕਿਹਾ, ‘‘ਇੱਕ ਪਾਸੇ ਕੌਮਾਂਤਰੀ ਕਾਨੂੰਨ ਤੇ ਇਸਲਾਮੀ ਇਕਜੁੱਟਤਾ ਦੇ ਉੱਚ ਸਿਧਾਂਤਾਂ ਦੀ ਹਮਾਇਤ ਕਰਨਾ ਅਤੇ ਦੂਜੇ ਪਾਸੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਬਰਬਰ ਹਵਾਈ ਹਮਲੇ ਕਰਨਾ ਪਾਖੰਡ ਹੈ। ਇਨ੍ਹਾਂ ਹਮਲਿਆਂ ’ਚ ਛੇ ਮਾਰਚ ਤੱਕ 185 ਬੇਕਸੂਰ ਲੋਕ ਮਾਰੇ ਗਏ ਹਨ।’’ ਅਫ਼ਗ਼ਾਨਿਸਤਾਨ ’ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਅਨੁਸਾਰ ਮਾਰੇ ਗਏ 185 ਲੋਕਾਂ ’ਚੋਂ ਤਕਰੀਬਨ 55 ਫ਼ੀਸਦ ਮਹਿਲਾਵਾਂ ਤੇ ਬੱਚੇ ਹਨ ਅਤੇ ਹਮਲਿਆਂ ਕਾਰਨ ਇੱਕ ਲੱਖ ਤੋਂ ਵੱਧ ਲੋਕ ਬੇਘਰ ਹੋਏ ਹਨ। ਸ੍ਰੀ ਪਰਵਤਨੇਨੀ ਨੇ ਅਫ਼ਗ਼ਾਨਿਸਤਾਨ ਨੂੰ ਵਪਾਰ ਲਈ ਰਾਹ ਦੇਣ ਤੋਂ ਇਨਕਾਰ ਕਰਨ ’ਤੇ ਵੀ ਚਿੰਤਾ ਜ਼ਾਹਿਰ ਕੀਤੀ।

Share: