ਨਵੀਂ ਦਿੱਲੀ/ਚੇਨਈ: ਅਮਰੀਕਾ-ਇਜ਼ਰਾਈਲ ਨਾਲ ਇਰਾਨ ਦੇ ਟਕਰਾਅ ਕਰ ਕੇ ਪੱਛਮੀ ਏਸ਼ੀਆ ’ਚ ਬਣੇ ਸੰਕਟ ਕਾਰਨ ਦਰਾਮਦ ’ਚ ਆਏ ਅੜਿੱਕਿਆਂ ਦਰਮਿਆਨ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਘਰੇਲੂ ਪੱਧਰ ’ਤੇ ਕੱਢੀ ਜਾ ਰਹੀ ਕੁਦਰਤੀ ਗੈਸ ਦੀ ਸਪਲਾਈ ਹੁਣ ਐੱਲ ਪੀ ਜੀ ਉਤਪਾਦਨ ਵਾਲੀਆਂ ਇਕਾਈਆਂ ਨੂੰ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ। ਹੁਣ ਤੱਕ ਸੀ ਐੱਨ ਜੀ (ਕੰਪਰੈਸਡ ਕੁਦਰਤੀ ਗੈਸ) ਅਤੇ ਪਾਈਪ ਲਾਈਨ ਵਾਲੀ ਕੁਕਿੰਗ ਗੈਸ ਦੋ ਤਰਜੀਹੀ ਖੇਤਰ ਸਨ ਜਿਨ੍ਹਾਂ ਨੂੰ ਦੇਸ਼ ਵਿਚ ਪੈਦਾ ਹੋ ਰਹੀ ਕੁਦਰਤੀ ਗੈਸ ਸਪਲਾਈ ਕੀਤੀ ਜਾ ਰਹੀ ਸੀ।
ਲੰਘੀ ਦੇਰ ਰਾਤ ਗਜ਼ਟ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਐੱਲ ਪੀ ਜੀ ਨੂੰ ਵੀ ਕੁਦਰਤੀ ਗੈਸ ਪ੍ਰਾਪਤ ਕਰਨ ਵਾਲੇ ਤਰਜੀਹੀ ਖੇਤਰਾਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਸੋਧੀ ਹੋਈ ਵੰਡ ਤਹਿਤ ਹੋਰ ਖੇਤਰਾਂ ਨੂੰ ਕੁਦਰਤੀ ਗੈਸ ਸਪਲਾਈ ਕਰਨ ਤੋਂ ਪਹਿਲਾਂ ਐੱਲ ਪੀ ਜੀ, ਸੀ ਐੱਨ ਜੀ ਅਤੇ ‘ਪਾਈਪਡ’ ਗੈਸ ਨਿਰਮਾਤਾਵਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਇਨ੍ਹਾਂ ਨੂੰ ਪਿਛਲੇ ਛੇ ਮਹੀਨਿਆਂ ਦੀ ਔਸਤ ਗੈਸ ਖ਼ਪਤ ਦਾ 100 ਫ਼ੀਸਦ ਕੋਟਾ ਸਪਲਾਈ ਕੀਤਾ ਜਾਵੇਗਾ।
ਟਰੰਪ-ਪੂਤਿਨ ਗੱਲਬਾਤ ਮਗਰੋਂ ਤੇਲ ਕੀਮਤਾਂ ਨੂੰ ਮੋੜਾ
ਲੰਡਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੱਧ ਪੂਰਬ ਵਿੱਚ ਜੰਗ ਜਲਦੀ ਖ਼ਤਮ ਹੋਣ ਬਾਰੇ ਪੇਸ਼ੀਨਗੋਈ ਮਗਰੋਂ ਤੇਲ ਕੀਮਤਾਂ ਵਿੱਚ ਮੰਗਲਵਾਰ ਨੂੰ 7 ਫ਼ੀਸਦ ਦੀ ਗਿਰਾਵਟ ਆਈ ਹੈ। ਪਿਛਲੇ ਸੈਸ਼ਨ ਵਿੱਚ ਤੇਲ ਕੀਮਤਾਂ ਪਿਛਲੇ ਤਿੰਨ ਸਾਲਾਂ ਦੇ ਸਭ ਤੋਂ ਸਿਖਰਲੇ ਪੱਧਰ ’ਤੇ ਪਹੁੰਚ ਗਈਆਂ ਸਨ। ਟਰੰਪ ਦੀ ਭਵਿੱਖਬਾਣੀ ਨਾਲ ਤੇਲ ਸਪਲਾਈ ਵਿੱਚ ਲੰਮੇ ਸਮੇਂ ਤੱਕ ਅੜਿੱਕੇ ਬਾਰੇ ਫ਼ਿਕਰ ਘਟ ਗਏ ਹਨ। ਬਰੈਂਟ ਫਿਊਚਰ 7.2 ਫ਼ੀਸਦ ਦੇ ਨਿਘਾਰ ਨਾਲ 91.81 ਡਾਲਰ ਪ੍ਰਤੀ ਬੈਰਲ ਜਦੋਂਕਿ ਯੂ ਐੱਸ ਵੈਸਟ ਟੈਕਸਸ ਇੰਟਰਮੀਡੀਏਟ (ਡਬਲਿਊ ਟੀ ਆਈ) ਕੱਚਾ ਤੇਲ 6.6 ਫ਼ੀਸਦ ਡਿੱਗ ਕੇ 88.51 ਡਾਲਰ ਪ੍ਰਤੀ ਬੈਰਲ ਨੂੰ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਤੇਲ ਦਾ ਭਾਅ 119 ਡਾਲਰ ਪ੍ਰਤੀ ਬੈਰਲ ਨੂੰ ਪੁੱਜ ਗਿਆ ਸੀ। ਸਾਲ 2022 ਦੇ ਮੱਧ ਵਿੱਚ ਸਾਊਦੀ ਅਰਬ ਤੇ ਹੋਰਨਾਂ ਉਤਪਾਦਕਾਂ ਵੱਲੋਂ ਸਪਲਾਈ ’ਚ ਕਟੌਤੀ ਕੀਤੇ ਜਾਣ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਸਿਖਰਲਾ ਪੱਧਰ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨਾਲ ਫੋਨ ’ਤੇ ਗੱਲਬਾਤ ਮਗਰੋਂ ਤੇਲ ਕੀਮਤਾਂ ਨੂੰ ਮੋੜਾ ਪਿਆ ਹੈ।

