ਕੈਨੇਡੀਅਨ ਪੁਲੀਸ ਵੱਲੋਂ ਭਾਰਤੀ ਦਖ਼ਲਅੰਦਾਜ਼ੀ ਦੇ ਦੋਸ਼ ਰੱਦ

ਵੈਨਕੂਵਰ: ਕੈਨੇਡਾ ਦੀ ਕੇਂਦਰੀ ਪੁਲੀਸ (ਰੌਇਲ ਕੈਨੇਡੀਅਨ ਮੌਂਟਿਡ ਪੁਲੀਸ) ਦੇ ਕਮਿਸ਼ਨਰ ਮਾਈਕ ਦੁਹੈਮ ਨੇ ਕੈਨੇਡਾ ਦੇ ਮੁੱਖਧਾਰਾ ਮੀਡੀਆ ਅਦਾਰੇ ‘ਸੀ ਟੀ ਵੀ’ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਹਿੰਸਕ ਮਾਮਲਿਆਂ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹੁਣ ਭਾਰਤ ਸਰਕਾਰ ਵੱਲੋਂ ਗੁਪਤ ਰੂਪ ਵਿੱਚ ਕੈਨੇਡਾ ’ਚ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਂਦੀ ਤੇ ਨਾ ਹੀ ਹਿੰਸਕ ਅਤੇ ਨਫ਼ਰਤੀ ਕਾਰਵਾਈਆਂ ਭੜਕਾਉਣ ਵਾਲਿਆਂ ਦੀ ਮਦਦ ਕਰਨ ਦੇ ਕੋਈ ਸਬੂਤ ਮਿਲੇ ਹਨ।

ਉਨ੍ਹਾਂ ਵਾਰ-ਵਾਰ ਹੁਣ ਸ਼ਬਦ ਵਰਤਦਿਆਂ ਕਿਹਾ ਕਿ ‘ਹੁਣ ਅਜਿਹਾ ਕੁਝ ਵੀ ਨਹੀਂ, ਜਿਵੇਂ ਪਹਿਲਾਂ ਦੋਸ਼ ਲੱਗਦੇ ਰਹੇ ਹਨ’। ਕਮਿਸ਼ਨਰ ਨੇ ਪਿਛਲੇ ਸਾਲਾਂ ਵਿੱਚ ਲੱਗੇ ਦੋਸ਼ਾਂ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵੱਟਦਿਆਂ ਕਿਹਾ ਕਿ ਉਹ ਤਾਜ਼ਾ ਜਾਂਚ ਰਿਪੋਰਟਾਂ ਦੇ ਆਧਾਰ ’ਤੇ ਗੱਲ ਕਰ ਰਹੇ ਹਨ। ਵਿਦੇਸ਼ੀ ਦਖ਼ਲ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਸੇ ਵੀ ਦੇਸ਼ ਦਾ ਨਾਂ ਲਏ ਬਿਨਾਂ ਕਿਹਾ ਕਿ ਹੁਣ ਕੋਈ ਦੇਸ਼ ਗੁਪਤ ਦਖ਼ਲਅੰਦਾਜ਼ੀ ਨਹੀਂ ਕਰ ਰਿਹਾ। ਜੂਨ 2022 ਵਿੱਚ ਸਰੀ ਦੇ ਗੁਰਦੁਆਰੇ ਦੀ ਪਾਰਕਿੰਗ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਕੁਝ ਮਹੀਨੇ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਕੇਂਦਰੀ ਸੁਰੱਖਿਆ ਏਜੰਸੀ ਦੀ ਜਾਂਚ ਦੇ ਹਵਾਲੇ ਨਾਲ ਭਾਰਤ ’ਤੇ ਹੱਤਿਆ ਦੇ ਦੋਸ਼ ਲਾਏ ਸਨ।

Share: