ਅਯਾਤੁੱਲਾ ਖਮੇਨੀ: ਇੱਕ ਸਧਾਰਨ ਮੌਲਵੀ ਕਿਵੇਂ ਬਣਿਆ ਇਰਾਨ ਦਾ ਸਭ ਤੋਂ ਤਾਕਤਵਰ ਨੇਤਾ? ਜਾਣੋ ਉਨ੍ਹਾਂ ਦੇ ‘ਅੰਤ’ ਦੀ ਪੂਰੀ ਕਹਾਣੀ

ਅਯਾਤੁੱਲਾ ਖਮੇਨੀ: ਇੱਕ ਸਧਾਰਨ ਮੌਲਵੀ ਕਿਵੇਂ ਬਣਿਆ ਇਰਾਨ ਦਾ ਸਭ ਤੋਂ ਤਾਕਤਵਰ ਨੇਤਾ? ਜਾਣੋ ਉਨ੍ਹਾਂ ਦੇ ‘ਅੰਤ’ ਦੀ ਪੂਰੀ ਕਹਾਣੀ

ਵਾਸ਼ਿੰਗਟਨ: ਇਰਾਨ ਦੀ ਸੱਤਾ ’ਤੇ ਪਿਛਲੇ 36 ਸਾਲਾਂ ਤੋਂ ਰਾਜ ਕਰਨ ਵਾਲੇ ਸਰਵਉੱਚ ਨੇਤਾ Ayatollah Ali Khamenei (86) ਦਾ ਅੰਤ ਹੋ ਗਿਆ ਹੈ। ਸ਼ਨਿਚਰਵਾਰ ਨੂੰ ਇਰਾਨੀ ਸਟੇਟ ਮੀਡੀਆ ਨੇ ਘੋਸ਼ਣਾ ਕੀਤੀ ਕਿ ਮੱਧ ਤੇਹਰਾਨ ਸਥਿਤ ਉਨ੍ਹਾਂ ਦੇ ਕੰਪਲੈਕਸ ਨੂੰ ਨੇਸਤਨਾਬੂਦ ਕਰਨ ਵਾਲੇ ਅਮਰੀਕਾ ਅਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਦਹਾਕਿਆਂ ਤੋਂ ਚੱਲ ਰਹੇ ਕੂਟਨੀਤਕ ਯਤਨਾਂ ਦੇ ਅਸਫਲ ਹੋਣ ਤੋਂ ਬਾਅਦ ਇਹ ਅਤਿ ਦਾ ਕਦਮ ਚੁੱਕਿਆ ਗਿਆ। ਉਨ੍ਹਾਂ ਦੀ ਮੌਤ ਉਸ ਯੁੱਗ ਦੀ ਸਮਾਪਤੀ ਹੈ, ਜਿਸ ਨੇ ਇਰਾਨ ਨੂੰ ਇੱਕ ਕੱਟੜ ਅਮਰੀਕਾ-ਵਿਰੋਧੀ ਤਾਕਤ ਵਿੱਚ ਬਦਲ ਦਿੱਤਾ ਅਤੇ ਦੇਸ਼ ਦੇ ਅੰਦਰ ਉੱਠਣ ਵਾਲੀ ਹਰ ਵਿਰੋਧੀ ਆਵਾਜ਼ ਨੂੰ ਲੋਹੇ ਦੇ ਹੱਥਾਂ ਨਾਲ ਕੁਚਲਿਆ।

ਕੌਣ ਸੀ Ayatollah Ali Khamenei ਅਤੇ ਸੱਤਾ ਦੇ ਸਿਖਰ ਤੱਕ ਕਿਵੇਂ ਪਹੁੰਚਿਆ?

ਸ਼ੁਰੂਆਤੀ ਜੀਵਨ ਅਤੇ ਜੇਲ੍ਹ: Ayatollah Ali Khamenei ਦਾ ਜਨਮ ਅਪਰੈਲ 1939 ਵਿੱਚ ਉੱਤਰ-ਪੂਰਬੀ ਇਰਾਨ ਦੇ ਮਸ਼ਹਦ ਵਿੱਚ ਹੋਇਆ ਸੀ। 11 ਸਾਲ ਦੀ ਉਮਰ ਵਿੱਚ ਹੀ ਉਹ ਮੌਲਵੀ ਬਣ ਗਏ ਸਨ। ਉਨ੍ਹਾਂ ਦੇ ਪਿਤਾ ਧਰਮ ਅਤੇ ਰਾਜਨੀਤੀ ਨੂੰ ਵੱਖ ਰੱਖਣ ਦੇ ਪੱਖ ਵਿੱਚ ਸਨ, ਪਰ Khamenei ਨੇ ਇਸ ਦੇ ਉਲਟ ਇਸਲਾਮੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਪਣਾਇਆ। 1963 ਵਿੱਚ 24 ਸਾਲ ਦੀ ਉਮਰ ਵਿੱਚ ਰਾਜਨੀਤਿਕ ਗਤੀਵਿਧੀਆਂ ਕਾਰਨ ਉਹ ਪਹਿਲੀ ਵਾਰ ਜੇਲ੍ਹ ਗਏ, ਜਿੱਥੇ ਉਨ੍ਹਾਂ ਨੂੰ ਸਖ਼ਤ ਤਸੀਹੇ ਦਿੱਤੇ ਗਏ।

ਸੱਤਾ ਦਾ ਸਫਰ
1979 ਦੀ ਕ੍ਰਾਂਤੀ ਤੋਂ ਬਾਅਦ ਉਹ ਰੱਖਿਆ ਉਪ-ਮੰਤਰੀ ਬਣੇ ਅਤੇ 1980-88 ਦੇ ਇਰਾਨ-ਇਰਾਕ ਯੁੱਧ ਵਿੱਚ ਅਹਿਮ ਭੂਮਿਕਾ ਨਿਭਾਈ। ਇੱਕ ਕੁਸ਼ਲ ਬੁਲਾਰਾ ਹੋਣ ਦੇ ਕਾਰਨ ਉਨ੍ਹਾਂ ਨੂੰ ਜੁਮੇ ਦੀ ਨਮਾਜ਼ ਦਾ ਇਮਾਮ ਬਣਾਇਆ ਗਿਆ ਅਤੇ ਬਾਅਦ ਵਿੱਚ ਉਹ ਦੇਸ਼ ਦੇ ਰਾਸ਼ਟਰਪਤੀ (ਇਸ ਅਹੁਦੇ ’ਤੇ ਪਹੁੰਚਣ ਵਾਲੇ ਪਹਿਲੇ ਮੌਲਵੀ) ਬਣੇ।
ਸਰਵਉੱਚ ਨੇਤਾ (ਸੁਪਰੀਮ ਲੀਡਰ)
1989 ਵਿੱਚ ਇਸਲਾਮਿਕ ਰਿਪਬਲਿਕ ਦੇ ਸੰਸਥਾਪਕ ਅਯਾਤੁੱਲਾ ਰੂਹੁੱਲਾ ਖ਼ੁਮੈਨੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੂੰ ਸਰਬਉੱਚ ਨੇਤਾ ਚੁਣਿਆ ਗਿਆ। ਸ਼ੁਰੂ ਵਿੱਚ ਉਨ੍ਹਾਂ ਨੂੰ ਕਮਜ਼ੋਰ ਮੰਨਿਆ ਜਾਂਦਾ ਸੀ, ਪਰ 1981 ਦੇ ਇੱਕ ਜਾਨਲੇਵਾ ਹਮਲੇ (ਜਿਸ ਵਿੱਚ ਉਨ੍ਹਾਂ ਦਾ ਸੱਜਾ ਹੱਥ ਲਕਵਾਗ੍ਰਸਤ ਹੋ ਗਿਆ ਸੀ) ਤੋਂ ਬਾਅਦ ਉਹ ਬੇਹੱਦ ਸਤਰਕ ਹੋ ਗਏ ਸਨ। ਜਲਦੀ ਹੀ ਉਨ੍ਹਾਂ ਨੇ ਹਥਿਆਰਬੰਦ ਬਲਾਂ, ਨਿਆਂਪਾਲਿਕਾ ਅਤੇ ਸੁਰੱਖਿਆ ਏਜੰਸੀਆਂ ‘ਤੇ ਆਪਣਾ ਪੂਰਨ ਨਿਯੰਤਰਣ ਸਥਾਪਿਤ ਕਰ ਲਿਆ ਅਤੇ ਆਪਣੇ ਕਰੀਬੀਆਂ ਨੂੰ ਸ਼ਕਤੀਸ਼ਾਲੀ ਰਿਵੋਲਿਊਸ਼ਨਰੀ ਗਾਰਡਸ ਦਾ ਕਮਾਂਡਰ ਨਿਯੁਕਤ ਕੀਤਾ।

ਅਮਰੀਕਾ ਅਤੇ ਇਜ਼ਰਾਈਲ ਨਾਲ ਦੁਸ਼ਮਣੀ ਦੀਆਂ ਜੜ੍ਹਾਂ?

Ayatollah Ali Khamenei ਨੇ ਆਪਣੇ 36 ਸਾਲਾਂ ਦੇ ਸ਼ਾਸਨ ਵਿੱਚ ਅਮਰੀਕਾ ਦਾ ਸਖ਼ਤ ਵਿਰੋਧ ਕੀਤਾ ਅਤੇ ਅਕਸਰ ਭਾਸ਼ਣਾਂ ਵਿੱਚ ਉਸ ਨੂੰ ‘ਗ੍ਰੇਟ ਸੈਟਨ’ (ਵੱਡਾ ਸ਼ੈਤਾਨ) ਕਹਿ ਕੇ ਉਸ ਦੀ ਨਿੰਦਾ ਕੀਤੀ।

ਪਰਮਾਣੂ ਵਿਵਾਦ ਅਤੇ ਫਤਵਾ
Ayatollah Ali Khamenei ਨੇ 1990 ਦੇ ਦਹਾਕੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਰੁੱਧ ਫਤਵਾ ਜਾਰੀ ਕੀਤਾ ਸੀ। 2015 ਵਿੱਚ ਰਾਸ਼ਟਰਪਤੀ ਹਸਨ ਰੂਹਾਨੀ ਦੇ ਕਾਰਜਕਾਲ ਵਿੱਚ ਹੋਏ ਪਰਮਾਣੂ ਸਮਝੌਤੇ ਦਾ ਉਨ੍ਹਾਂ ਨੇ ਸਾਵਧਾਨੀ ਨਾਲ ਸਮਰਥਨ ਕੀਤਾ। ਪਰ 2018 ਵਿੱਚ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਮਝੌਤੇ ਤੋਂ ਪਿੱਛੇ ਹਟੇ ਅਤੇ ਸਖ਼ਤ ਪਾਬੰਦੀਆਂ ਲਗਾਈਆਂ, ਤਾਂ ਇਹ ਕੁੜੱਤਣ ਹੋਰ ਵਧ ਗਈ। 2025 ਵਿੱਚ ਟਰੰਪ ਦੇ ਨਵੇਂ ਸਮਝੌਤੇ ਦੇ ਦਬਾਅ ਨੂੰ ਵੀ ਉਨ੍ਹਾਂ ਨੇ ਸਿਰੇ ਤੋਂ ਨਕਾਰ ਦਿੱਤਾ।
ਇਜ਼ਰਾਈਲ ਨਾਲ ਸਿੱਧਾ ਯੁੱਧ
ਕਈ ਸਾਲਾਂ ਤੱਕ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ‘ਸ਼ੈਡੋ ਵਾਰ’ (ਲੁਕਿਆ ਹੋਇਆ ਯੁੱਧ) ਚੱਲਿਆ, ਜਿਸ ਵਿੱਚ ਇਜ਼ਰਾਈਲ ਨੇ ਇਰਾਨ ਦੇ ਕਈ ਪਰਮਾਣੂ ਵਿਗਿਆਨੀਆਂ ਨੂੰ ਮਾਰਿਆ। ਅਪਰੈਲ 2024 ਵਿੱਚ ਦਮਿਸ਼ਕ ਦੂਤਾਵਾਸ ‘ਤੇ ਹਮਲੇ ਦੇ ਜਵਾਬ ਵਿੱਚ ਇਰਾਨ ਨੇ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗੀਆਂ।
ਤਣਾਅ ਦਾ ਸਿਖਰ
ਜੂਨ 2025 ਵਿੱਚ ਇਜ਼ਰਾਈਲ ਦੀ ਫੌਜ ਨੇ ਇਰਾਨ ਦੇ ਪਰਮਾਣੂ ਅਤੇ ਫੌਜੀ ਟਿਕਾਣਿਆਂ ‘ਤੇ ਸੈਂਕੜੇ ਲੜਾਕੂ ਜਹਾਜ਼ਾਂ ਨਾਲ ਵੱਡੇ ਹਮਲੇ ਕੀਤੇ, ਜਿਸ ਨਾਲ ਇਹ ਸੰਘਰਸ਼ ਪੂਰਨ ਯੁੱਧ ਵਿੱਚ ਬਦਲ ਗਿਆ। ਅਮਰੀਕਾ ਵੀ 12 ਦਿਨ ਚੱਲੇ ਇਸ ਹਵਾਈ ਹਮਲੇ ਵਿੱਚ ਸ਼ਾਮਲ ਹੋਇਆ। ਇਸੇ ਕੜੀ ਵਿੱਚ ਸ਼ਨਿਚਰਵਾਰ ਨੂੰ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ਵਿੱਚ  Ayatollah Ali Khamenei ਦੀ ਮੌਤ ਹੋ ਗਈ।

ਮੱਧ ਪੂਰਬ ਵਿੱਚ ਕੀ ਸੀ ਖ਼ਮੇਨੇਈ ਦਾ ‘ਐਕਸਿਸ ਆਫ ਰੇਜ਼ਿਸਟੈਂਸ’?

Ayatollah Ali Khamenei ਨੇ ਮੱਧ ਪੂਰਬ ਵਿੱਚ ਅਮਰੀਕਾ ਅਤੇ ਇਜ਼ਰਾਈਲ ਨੂੰ ਚੁਣੌਤੀ ਦੇਣ ਲਈ ‘ਐਕਸਿਸ ਆਫ ਰੇਜ਼ਿਸਟੈਂਸ’ (ਪ੍ਰਤੀਰੋਧ ਦੀ ਧੁਰੀ) ਦਾ ਨਿਰਮਾਣ ਕੀਤਾ ਸੀ।

ਉਨ੍ਹਾਂ ਨੇ ਇਰਾਕ ਅਤੇ ਲਿਬਨਾਨ ਵਿੱਚ ਸ਼ੀਆ ਮਿਲੀਸ਼ੀਆ, ਸੀਰੀਆ ਵਿੱਚ ਬਸ਼ਰ ਅਲ-ਅਸਦ, ਹਮਾਸ (ਫਲਸਤੀਨ) ਅਤੇ ਯਮਨ ਦੇ ਹੂਤੀਆਂ ਨੂੰ ਤਾਕਤਵਰ ਬਣਾਉਣ ਲਈ ਚਾਰ ਦਹਾਕਿਆਂ ਵਿੱਚ ਅਰਬਾਂ ਡਾਲਰ ਖਰਚ ਕੀਤੇ।

2024 ਵਿੱਚ ਇਹ ਗਠਜੋੜ ਟੁੱਟਣ ਲੱਗਾ। ਸੀਰੀਆ ਵਿੱਚ ਅਸਦ ਦੀ ਸੱਤਾ ਖੁੱਸ ਗਈ ਅਤੇ ਇਜ਼ਰਾਈਲ ਨੇ ਲਿਬਨਾਨ ਵਿੱਚ ਹਿਜ਼ਬੁੱਲਾ ਅਤੇ ਗਾਜ਼ਾ ਵਿੱਚ ਹਮਾਸ ਨੂੰ ਭਾਰੀ ਨੁਕਸਾਨ ਪਹੁੰਚਾਇਆ, ਜਿਸ ਵਿੱਚ ਉਨ੍ਹਾਂ ਦੇ ਚੋਟੀ ਦੇ ਨੇਤਾਵਾਂ ਦਾ ਮਾਰਿਆ ਜਾਣਾ ਵੀ ਸ਼ਾਮਲ ਹੈ।

ਇਰਾਨ ਵਿੱਚ Ayatollah Ali Khamenei ਦਾ ਸ਼ਾਸਨ

ਦੇਸ਼ ਦੇ ਅੰਦਰ Ayatollah Ali Khamenei ਦਾ ਸ਼ਬਦ ਹੀ ਕਾਨੂੰਨ ਸੀ। ਉਨ੍ਹਾਂ ਨੇ ਸੁਤੰਤਰ ਸੋਚ ਵਾਲੇ ਰਾਸ਼ਟਰਪਤੀਆਂ ਦੀਆਂ ਇੱਛਾਵਾਂ ਨੂੰ ਕੁਚਲਿਆ ਅਤੇ ਆਪਣੀਆਂ ਨੀਤੀਆਂ ਨਾਲ ਇਰਾਨ ਨੂੰ ਵਿਸ਼ਵ ਪੱਧਰ ‘ਤੇ ਅਲੱਗ-ਥਲੱਗ ਕਰ ਦਿੱਤਾ।

1999, 2002 ਅਤੇ 2009 ਵਿੱਚ ਹੋਏ ਪ੍ਰਦਰਸ਼ਨਾਂ ਨੂੰ ਉਨ੍ਹਾਂ ਨੇ ਸਖ਼ਤੀ ਨਾਲ ਦਬਾਇਆ। 2022 ਵਿੱਚ ਪੁਲੀਸ ਹਿਰਾਸਤ ਵਿੱਚ 22 ਸਾਲਾ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਭੜਕੇ ਵੱਡੇ ਪ੍ਰਦਰਸ਼ਨਾਂ ਦਾ Ayatollah Ali Khamenei ਨੇ ਬੇਰਹਿਮੀ ਨਾਲ ਜਵਾਬ ਦਿੱਤਾ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਸ਼ਰੇਆਮ ਕ੍ਰੇਨ ਨਾਲ ਲਟਕਾ ਕੇ ਫਾਂਸੀ ਦੇ ਦਿੱਤੀ।

ਅਰਬਾਂ ਡਾਲਰ ਦਾ ਸਾਮਰਾਜ

ਉਨ੍ਹਾਂ ਨੇ ‘ਸੇਤਾਦ’ (Setad) ਨਾਮ ਸੰਗਠਨ ਦੇ ਜ਼ਰੀਏ ਇੱਕ ਵਿਸ਼ਾਲ ਵਿੱਤੀ ਸਾਮਰਾਜ ‘ਤੇ ਨਿਯੰਤਰਣ ਰੱਖਿਆ, ਜਿਸ ਦੀ ਸੰਪੱਤੀ ਅਰਬਾਂ ਡਾਲਰ ਅੰਕੀ ਗਈ ਹੈ। ਉਨ੍ਹਾਂ ਨੇ 1989 ਵਿੱਚ ਖ਼ੁਮੈਨੀ ਵੱਲੋਂ ਲੇਖਕ ਸਲਮਾਨ ਰੁਸ਼ਦੀ ਦੇ ਵਿਰੁੱਧ ਜਾਰੀ ਮੌਤ ਦੇ ਫਤਵੇ ਦਾ ਸਮਰਥਨ ਕੀਤਾ ਸੀ। ਇਸੇ ਦੇ ਚਲਦਿਆਂ 2022 ਵਿੱਚ ਰੁਸ਼ਦੀ ‘ਤੇ ਚਾਕੂ ਨਾਲ ਜਾਨਲੇਵਾ ਹਮਲਾ ਹੋਇਆ ਸੀ।

Ayatollah Ali Khamenei ਦੇ ਜਾਣ ਤੋਂ ਬਾਅਦ ਇਰਾਨ ਇੱਕ ਡੂੰਘੀ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇੱਕ ਪਾਸੇ ਬਾਹਰੀ ਦੇਸ਼ਾਂ (ਅਮਰੀਕਾ-ਇਜ਼ਰਾਈਲ) ਦੇ ਹਮਲੇ ਹਨ, ਤਾਂ ਦੂਜੇ ਪਾਸੇ ਘਰ ਦੇ ਅੰਦਰ ਨੌਜਵਾਨਾਂ ਦਾ ਵਧਦਾ ਅਸੰਤੋਸ਼ ਹੈ।

2026 ਦੀ ਸ਼ੁਰੂਆਤ ਵਿੱਚ ਆਈ ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, 25 ਸਾਲਾ ਬੇਰੁਜ਼ਗਾਰ ਗ੍ਰੈਜੂਏਟ ਮੀਨਾ ਵਰਗੇ ਨੌਜਵਾਨਾਂ ਦਾ ਸਪੱਸ਼ਟ ਮੰਨਣਾ ਹੈ ਕਿ ਪਰਮਾਣੂ ਪ੍ਰੋਗਰਾਮ, ਖੇਤਰੀ ਹਥਿਆਰਬੰਦ ਗੁੱਟਾਂ ਦਾ ਸਮਰਥਨ ਅਤੇ ਅਮਰੀਕਾ ਨਾਲ ਦੁਸ਼ਮਣੀ ਦੀਆਂ ਨੀਤੀਆਂ 1979 ਵਿੱਚ ਸਹੀ ਹੋ ਸਕਦੀਆਂ ਸਨ, ਪਰ ਅੱਜ ਨਹੀਂ। ਉਹ ਹੁਣ ਇੱਕ ਸ਼ਾਂਤੀਪੂਰਨ ਅਤੇ ਆਮ ਜੀਵਨ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਮੁਤਾਬਕ, ‘ਦੁਨੀਆ ਹੁਣ ਬਹੁਤ ਬਦਲ ਚੁੱਕੀ ਹੈ।’

Share: