ਸ੍ਰੀਨਗਰ: ਜੰਮੂ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਇੱਕ ਬੰਦੂਕਧਾਰੀ ਵੱਲੋਂ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ’ਤੇ ਨੇੜੇ ਤੋਂ ਗੋਲੀ ਚਲਾਉਣ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ, ਜਿਸ ਦੀ ਪਛਾਣ ਕਮਲ ਸਿੰਘ ਜਮਵਾਲ ਵਜੋਂ ਹੋਈ ਹੈ, ਨੂੰ ਸੁਰੱਖਿਆ ਕਰਮਚਾਰੀਆਂ ਨੇ ਕਾਬੂ ਕਰ ਲਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ ਹੈ।
ਵੇਰਵਿਆਂ ਅਨੁਸਾਰ ਇਹ ਘਟਨਾ ਜੰਮੂ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਵਾਪਰੀ ਹੈ। ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਵੀ ਉੱਥੇ ਮੌਜੂਦ ਸਨ। ਘਟਨਾ ਤੋਂ ਬਾਅਦ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਸੁਰੱਖਿਅਤ ਹਨ, ਪਰ ਉਨ੍ਹਾਂ ਚਿੰਤਾ ਜਤਾਈ ਕਿ ਸੁਰੱਖਿਆ ਲਈ ਸਥਾਨਕ ਪੁਲੀਸ ਦਾ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਸੀ।
ਉਨ੍ਹਾਂ ਕਿਹਾ, “ਕਿਸੇ ਨੂੰ ਪੁਲੀਸ ਤੋਂ ਪੁੱਛਣਾ ਚਾਹੀਦਾ ਹੈ ਕਿ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋਈ।” ਸਾਹਮਣੇ ਆਈ ਘਟਨਾ ਦੀ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ ਫਾਰੂਕ ਅਤੇ ਹੋਰ ਲੋਕ ਸਮਾਗਮ ਵਾਲੀ ਥਾਂ ਤੋਂ ਜਦੋਂ ਬਾਹਰ ਜਾ ਰਹੇ ਸਨ ਤਾਂ ਹਮਲਾ ਕਰਨ ਲਈ ਪਿੱਛੇ ਤੋਂ ਇੱਕ ਵਿਅਕਤੀ ਆ ਰਿਹਾ ਸੀ।
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਐਕਸ (X) ‘ਤੇ ਪੋਸਟ ਕੀਤਾ ਕਿ ਉਨ੍ਹਾਂ ਦੇ ਪਿਤਾ “ਵਾਲ-ਵਾਲ ਬਚੇ” ਹਨ ਅਤੇ ਫਾਰੂਕ ਦੀ ਸੁਰੱਖਿਆ ਟੀਮ ਨੇ “ਗੋਲੀ ਦਾ ਰੁਖ ਮੋੜ ਦਿੱਤਾ ਅਤੇ ਕਤਲ ਦੀ ਕੋਸ਼ਿਸ਼ ਅਸਫਲ ਕੀਤਾ।”
ਉਨ੍ਹਾਂ ਕਿਹਾ, “ਅੱਲ੍ਹਾ ਮਿਹਰਬਾਨ ਹੈ। ਮੇਰੇ ਪਿਤਾ ਵਾਲ-ਵਾਲ ਬਚ ਗਏ। ਇਸ ਸਮੇਂ ਵੇਰਵੇ ਅਧੂਰੇ ਹਨ, ਪਰ ਜੋ ਪਤਾ ਲੱਗਾ ਹੈ ਉਹ ਇਹ ਹੈ ਕਿ ਇੱਕ ਲੋਡਿਡ ਪਿਸਤੌਲ ਵਾਲਾ ਵਿਅਕਤੀ ਬਿਲਕੁਲ ਨਜ਼ਦੀਕ ਪਹੁੰਚਣ ਅਤੇ ਗੋਲੀ ਚਲਾਉਣ ਵਿੱਚ ਕਾਮਯਾਬ ਰਿਹਾ। ਇਹ ਸਿਰਫ ਸੁਰੱਖਿਆ ਟੀਮ ਹੀ ਸੀ ਜਿਸ ਨੇ ਗੋਲੀ ਦਾ ਰੁਖ ਮੋੜਿਆ ਅਤੇ ਇਹ ਯਕੀਨੀ ਬਣਾਇਆ ਕਿ ਕਤਲ ਦੀ ਕੋਸ਼ਿਸ਼ ਅਸਫਲ ਰਹੀ। ਇਸ ਸਮੇਂ ਜਵਾਬਾਂ ਨਾਲੋਂ ਸਵਾਲ ਜ਼ਿਆਦਾ ਹਨ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੋਈ ਵਿਅਕਤੀ Z+ NSG-ਸੁਰੱਖਿਆ ਪ੍ਰਾਪਤ ਸਾਬਕਾ ਮੁੱਖ ਮੰਤਰੀ ਦੇ ਇੰਨਾ ਨੇੜੇ ਕਿਵੇਂ ਪਹੁੰਚ ਸਕਿਆ।’’
ਉਨ੍ਹਾਂ ਇਹ ਵੀ ਦੱਸਿਆ ਕਿ ਉਪ ਮੁੱਖ ਮੰਤਰੀ ਅਤੇ ਵਾਨੀ ਵੀ ਸੁਰੱਖਿਅਤ ਹਨ।

