ਸਹਿਯੋਗੀ ਦੇਸ਼ Strait of Hormuz ’ਤੇ ਮਦਦ ਲਈ ਤਿਆਰ ਨਹੀਂ: Donald Trump

ਸਹਿਯੋਗੀ ਦੇਸ਼ Strait of Hormuz ’ਤੇ ਮਦਦ ਲਈ ਤਿਆਰ ਨਹੀਂ: Donald Trump

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੋਰਮੁਜ਼ ਜਲ ਮਾਰਗ ਵਿੱਚ ਤੇਲ ਟੈਂਕਰਾਂ ਦੀ ਸੁਰੱਖਿਆ ਲਈ ਸਹਿਯੋਗੀ ਦੇਸ਼ਾਂ ਵੱਲੋਂ ਮਦਦ ਨਾ ਮਿਲਣ ‘ਤੇ ਖੁੱਲ੍ਹ ਕੇ ਗੁੱਸਾ ਜ਼ਾਹਰ ਕੀਤਾ ਹੈ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਦਹਾਕਿਆਂ ਤੋਂ ਕਈ ਦੇਸ਼ਾਂ ਦੀ ਰੱਖਿਆ ਕਰਦਾ ਆ ਰਿਹਾ ਹੈ ਪਰ ਜਦੋਂ ਹੁਣ ਸਮੁੰਦਰੀ ਰਸਤਿਆਂ ਨੂੰ ਸੁਰੱਖਿਅਤ ਰੱਖਣ ਲਈ ਮਦਦ ਮੰਗੀ ਗਈ ਤਾਂ ਕਈ ਦੇਸ਼ ਪਿੱਛੇ ਹਟ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਾਟੋ (NATO) ਦੇ ਮੈਂਬਰ ਦੇਸ਼ ਇਸ ਸੰਕਟ ਵਿੱਚ ਅਮਰੀਕਾ ਦਾ ਸਾਥ ਨਹੀਂ ਦਿੰਦੇ ਤਾਂ ਇਹ ਇਸ ਸੰਗਠਨ ਦੇ ਭਵਿੱਖ ਲਈ ਬਹੁਤ ਮਾੜਾ ਹੋ ਸਕਦਾ ਹੈ।

ਟਰੰਪ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਯੂਰਪੀ ਦੇਸ਼ ਆਪਣੀ ਊਰਜਾ (ਤੇਲ ਅਤੇ ਗੈਸ) ਲਈ ਇਸ ਰਸਤੇ ‘ਤੇ ਨਿਰਭਰ ਹਨ, ਜਦਕਿ ਅਮਰੀਕਾ ਕੋਲ ਆਪਣੇ ਸਰੋਤ ਮੌਜੂਦ ਹਨ। ਉਨ੍ਹਾਂ ਕਿਹਾ ਕਿ ਚੀਨ ਆਪਣਾ 90% ਤੇਲ ਇਸੇ ਰਸਤੇ ਤੋਂ ਮੰਗਵਾਉਂਦਾ ਹੈ, ਇਸ ਲਈ ਉਸ ਨੂੰ ਵੀ ਜੰਗੀ ਜਹਾਜ਼ ਭੇਜ ਕੇ ਮਦਦ ਕਰਨੀ ਚਾਹੀਦੀ ਹੈ। ਟਰੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਚੀਨ ਨੇ ਸਹਿਯੋਗ ਨਾ ਦਿੱਤਾ ਤਾਂ ਉਹ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਣ ਵਾਲੀ ਆਪਣੀ ਮੀਟਿੰਗ ਵੀ ਮੁਲਤਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਹਜ਼ਾਰਾਂ ਸੈਨਿਕ ਦੂਜੇ ਦੇਸ਼ਾਂ ਦੀ ਰੱਖਿਆ ਲਈ ਤਾਇਨਾਤ ਕੀਤੇ ਹੋਏ ਹਨ ਪਰ ਹੁਣ ਜਦੋਂ ਇੱਕ ਸਾਂਝੇ ਮਿਸ਼ਨ ਦੀ ਗੱਲ ਆਈ ਹੈ ਤਾਂ ਸਹਿਯੋਗੀ ਦੇਸ਼ਾਂ ਦਾ ਰੁੱਖ ਨਿਰਾਸ਼ਾਜਨਕ ਹੈ। ਜਿੱਥੇ ਭਾਰਤ ਨੇ ਆਪਣੇ ਜਹਾਜ਼ਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ, ਉੱਥੇ ਹੀ ਜਾਪਾਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੇ ਫਿਲਹਾਲ ਇਸ ਅਮਰੀਕੀ ਗਠਜੋੜ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

Share: