ਲੰਡਨ: ਬਰਤਾਨੀਆ ਦੀਆਂ ਸਦੀਆਂ ਪੁਰਾਣੀਆਂ ਸਿਆਸੀ ਰਵਾਇਤਾਂ ਅਗਲੇ ਕੁਝ ਹਫ਼ਤਿਆਂ ਵਿੱਚ ਖ਼ਤਮ ਹੋ ਜਾਣਗੀਆਂ। ਬਰਤਾਨਵੀ ਸੰਸਦ ਨੇ ਗ਼ੈਰ-ਚੁਣੇ ਹੋਏ ਉਪਰਲੇ ਸਦਨ ‘ਹਾਊਸ ਆਫ ਲਾਰਡਜ਼’ ਵਿੱਚੋਂ ਜੱਦੀ ਕੁਲੀਨਾਂ ਨੂੰ ਹਟਾਉਣ ਲਈ ਵੋਟ ਦਿੱਤੀ ਹੈ।
ਮੰਗਲਵਾਰ ਰਾਤ ਨੂੰ, ਸੰਸਦ ਦੇ ਉੱਪਰਲੇ ਸਦਨ ਦੇ ਮੈਂਬਰਾਂ ਨੇ ‘ਹਾਊਸ ਆਫ ਕਾਮਨਜ਼’ (ਹੇਠਲੇ ਸਦਨ) ਵੱਲੋਂ ਪਾਸ ਕੀਤੇ ਗਏ ਉਸ ਕਾਨੂੰਨ ’ਤੇ ਇਤਰਾਜ਼ ਹਟਾ ਲਏ, ਜਿਸ ਤਹਿਤ ਦਰਜਨਾਂ ਡਿਊਕ, ਅਰਲ ਅਤੇ ਵਿਸਕਾਊਂਟ ਲਾਂਭੇ ਕੀਤੇ ਜਾਣਗੇ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਰਜਵਾੜਾਸ਼ਾਹੀ ਰਵਾਇਤਾਂ ਤਹਿਤ ਆਪਣੇ ਸ਼ਾਹੀ ਖ਼ਿਤਾਬਾਂ ਦੇ ਨਾਲ-ਨਾਲ ਸੰਸਦ ਵਿੱਚ ਸੀਟਾਂ ਵਿਰਾਸਤ ਵਿੱਚ ਮਿਲੀਆਂ ਸਨ। ਸਰਕਾਰੀ ਕੰਮ-ਕਾਜ ਸਬੰਧੀ ਮੰਤਰੀ ਨਿਕ ਥੌਮਸ-ਸਾਈਮੰਡਜ਼ ਨੇ ਕਿਹਾ ਕਿ ਇਹ ਤਬਦੀਲੀ ਇੱਕ ਪੁਰਾਤਨ ਅਤੇ ਗ਼ੈਰ-ਲੋਕਤੰਤਰੀ ਸਿਧਾਂਤ ਦਾ ਖ਼ਾਤਮਾ ਕਰਨ ਵਾਲੀ ਹੈ। ਉਨ੍ਹਾਂ ਕਿਹਾ, ‘‘ਸਾਡੀ ਸੰਸਦ ਹਮੇਸ਼ਾ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਪ੍ਰਤਿਭਾ ਨੂੰ ਪਛਾਣਿਆ ਜਾਵੇ ਅਤੇ ਯੋਗਤਾ ਦੀ ਕਦਰ ਹੋਵੇ। ਇਹ ਪੁਰਾਣੇ ਦੋਸਤਾਂ ਦੇ ਨੈੱਟਵਰਕ ਦੀ ਗੈਲਰੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਅਜਿਹੀ ਜਗ੍ਹਾ, ਜਿੱਥੇ ਸਦੀਆਂ ਪਹਿਲਾਂ ਮਿਲੇ ਖ਼ਿਤਾਬ ਜਨਤਾ ਦੀ ਇੱਛਾ ’ਤੇ ਹਾਵੀ ਹੋਣ।’’ਬਰਤਾਨੀਆ ਦੇ ਸੰਸਦੀ ਲੋਕਤੰਤਰ ਵਿੱਚ ਹਾਊਸ ਆਫ ਲਾਰਡਜ਼ ਦੀ ਮਹੱਤਵਪੂਰਨ ਭੂਮਿਕਾ ਹੈ। ਇਹ ਚੁਣੇ ਹੋਏ ਹਾਊਸ ਆਫ ਕਾਮਨਜ਼ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਦੀ ਡੂੰਘਾਈ ਨਾਲ ਜਾਂਚ ਕਰਦਾ ਹੈ। ਹਾਲਾਂਕਿ, ਆਲੋਚਕ ਲੰਬੇ ਸਮੇਂ ਤੋਂ ਦਲੀਲ ਦਿੰਦੇ ਆ ਰਹੇ ਹਨ ਕਿ ਇਹ ਗ਼ੈਰ-ਲੋਕਤੰਤਰੀ ਹੈ। ਪੀਟਰ ਮੈਂਡਲਸਨ ਦੇ ਮਾਮਲੇ ਨੇ ਇਸ ਉੱਪਰਲੇ ਸਦਨ ਵੱਲ ਮੁੜ ਲੋਕਾਂ ਦਾ ਧਿਆਨ ਖਿੱਚਿਆ ਸੀ। ਮੈਂਡਲਸਨ ਨੇ ਮਰ ਚੁੱਕੇ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਆਪਣੀ ਦੋਸਤੀ ਦੇ ਖ਼ੁਲਾਸੇ ਤੋਂ ਬਾਅਦ ਫਰਵਰੀ ਵਿੱਚ ਉੱਪਰਲੇ ਸਦਨ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਘਟਨਾ ਨੇ ਲਾਰਡਜ਼ ਦੇ ਵਿਵਹਾਰ ਅਤੇ ਉਨ੍ਹਾਂ ਦੀ ਜਵਾਬਦੇਹੀ ’ਤੇ ਸਵਾਲ ਖੜ੍ਹੇ ਕੀਤੇ ਸਨ।

