ਦੁਬੲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਰਮੁਜ਼ ਜਲ ਮਾਰਗ ਖੁੱਲ੍ਹਵਾਉਣ ਲਈ ਕਰੀਬ ਸੱਤ ਮੁਲਕਾਂ ਨੂੰ ਉਥੇ ਆਪਣੇ ਜੰਗੀ ਬੇੜੇ ਭੇਜਣ ਲਈ ਤਰਲੇ ਕੀਤੇ ਹਨ ਪਰ ਉਨ੍ਹਾਂ ਦੀ ਅਪੀਲ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਹੈ। ਜਪਾਨ ਅਤੇ ਆਸਟਰੇਲੀਆ ਨੇ ਕਿਹਾ ਹੈ ਕਿ ਹਰਮੁਜ਼ ਜਲ ਖੇਤਰ ’ਚ ਜੰਗੀ ਬੇੜੇ ਭੇਜਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ। ਉਧਰ, ਚੀਨ ਨੇ ਸਾਰੀਆਂ ਧਿਰਾਂ ਨੂੰ ਜੰਗ ਫੌਰੀ ਰੋਕਣ ਦਾ ਸੱਦਾ ਦਿੱਤਾ ਹੈ। ਚੀਨ ਵੱਲੋਂ ਵੀ ਕੋਈ ਬਾਂਹ-ਪੱਲਾ ਨਾ ਫੜਾਏ ਜਾਣ ਕਾਰਨ ਟਰੰਪ ਦਾ ਇਸੇ ਮਹੀਨੇ ਪੇਈਚਿੰਗ ਦੌਰਾ ਰੱਦ ਹੋ ਸਕਦਾ ਹੈ। ਉਂਝ, ਚੀਨ ਵੱਲੋਂ ਇਸ ਦੌਰੇ ਲਈ ਅਮਰੀਕਾ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਤੇਲ ਟੈਂਕਰਾਂ ਅਤੇ ਹੋਰ ਬੇੜਿਆਂ ਨੂੰ ਸੁਰੱਖਿਆ ਨਾ ਦੇਣ ਲਈ ਕਿਸੇ ਵੀ ਮੁਲਕ ਦੇ ਅੱਗੇ ਨਾ ਆਉਣ ਤੋਂ ਔਖੇ ਹੋਏ ਟਰੰਪ ਨੇ ਨਾਟੋ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਹਰਮੁਜ਼ ਜਲ ਮਾਰਗ ਸੁਰੱਖਿਅਤ ਕਰਨ ’ਚ ਸਹਾਇਤਾ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਭਵਿੱਖ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਮਗਰੋਂ ਇਰਾਨ ਨੇ ਰਣਨੀਤਕ ਤੌਰ ’ਤੇ ਅਹਿਮ ਜਲ ਮਾਰਗ ਹਰਮੁਜ਼ ’ਚੋਂ ਲੰਘਣ ਵਾਲੇ ਜਹਾਜ਼ਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਸਨ ਜਿਸ ਕਾਰਨ ਈਂਧਨ ਸਪਲਾਈ ’ਤੇ ਮਾੜਾ ਅਸਰ ਪਿਆ ਹੈ। ਟਰੰਪ ਨੇ ਇਰਾਨ ਦੀ ਕਾਰਵਾਈ ਦੇ ਵਿਰੋਧ ਮਗਰੋਂ ਬੇੜਿਆਂ ਨੂੰ ਹਰਮੁਜ਼ ਜਲ ਮਾਰਗ ’ਚ ਸੁਰੱਖਿਆ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਇਰਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਕਾਰਨ ਦੁਬਈ ਕੌਮਾਂਤਰੀ ਹਵਾਈ ਅੱਡੇ ਨੇੜੇ ਤੇਲ ਟੈਂਕਰ ਨੂੰ ਅੱਗ ਲੱਗ ਗਈ। ਹਮਲੇ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਹਵਾਈ ਅੱਡੇ ਨੂੰ ਕੁਝ ਦੇਰ ਲਈ ਬੰਦ ਕਰਨਾ ਪਿਆ। ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੇ ਸਨਅਤੀ ਤੇਲ ਕੇਂਦਰ ਫੁਜਾਇਰਾ ’ਚ ਅੱਜ ਇਕ ਹੋਰ ਡਰੋਨ ਹਮਲਾ ਹੋਇਆ ਜਿਸ ਕਾਰਨ ਉਥੇ ਅੱਗ ਲੱਗ ਗਈ। ਯੂ ਏ ਈ ਨੇ ਕਿਹਾ ਕਿ ਮਿਜ਼ਾਈਲ ਅਲ ਬਾਹਯਾਹ ਇਲਾਕੇ ’ਚ ਵਾਹਨ ’ਤੇ ਡਿੱਗੀ ਜਿਸ ’ਚ ਇਕ ਫ਼ਲਸਤੀਨੀ ਹਲਾਕ ਹੋ ਗਿਆ। ਯੂ ਏ ਈ ’ਚ ਹੁਣ ਤੱਕ ਸੱਤ ਮੌਤਾਂ ਹੋ ਚੁੱਕੀਆਂ ਹਨ। ਬਹਿਰੀਨ ਨੇ ਅੱਜ ਸਵੇਰੇ ਚਾਰ ਮਿਜ਼ਾਈਲਾਂ ਅਤੇ ਤਿੰਨ ਡਰੋਨਾਂ ਨੂੰ ਫੁੰਡ ਦਿੱਤਾ। ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਕਿ ਉਸ ਨੇ ਸੀਮਤ ਅਤੇ ਯੋਜਨਾਬੱਧ ਅਪਰੇਸ਼ਨ ਲਈ ਲਿਬਨਾਨ ’ਚ ਥਲ ਸੈਨਾ ਦੇ ਵਾਧੂ ਜਵਾਨ ਭੇਜੇ ਹਨ। ਫ਼ੌਜੀ ਤਰਜਮਾਨ ਲੈਫਟੀਨੈਂਟ ਕਰਨਲ ਨਾਦਾਵ ਸ਼ੋਸ਼ਾਨੀ ਨੇ ਦੱਸਿਆ ਕਿ ਇਜ਼ਰਾਈਲ ਨੇ ਇਰਾਨ ’ਤੇ 7600 ਹਮਲੇ ਕੀਤੇ ਹਨ ਅਤੇ ਉਸ ਦੀ 85 ਫ਼ੀਸਦ ਹਵਾਈ ਰੱਖਿਆ ਤਬਾਹ ਕਰ ਦਿੱਤੀ ਹੈ।

