ਟਰੈਂਡਿੰਗ ਰੀਲ ਬਣਾਉਂਦੀ ਮੁਟਿਆਰ, ਪੁਲੀਸ ਨੇ ਰੱਸੀ ਪਾ ਕੇ ਨਾਲੇ ’ਚੋਂ ਕੱਢੀ ਬਾਹਰ

ਟਰੈਂਡਿੰਗ ਰੀਲ ਬਣਾਉਂਦੀ ਮੁਟਿਆਰ, ਪੁਲੀਸ ਨੇ ਰੱਸੀ ਪਾ ਕੇ ਨਾਲੇ ’ਚੋਂ ਕੱਢੀ ਬਾਹਰ

ਚੰਡੀਗੜ੍ਹ: ਸੋਸ਼ਲ ਮੀਡੀਆ ਰੀਲ ਬਣਾਉਣ ਅਤੇ ਵਾਇਰਲ ਹੋਣ ਦਾ ਚਾਅ ਕਈ ਵਾਰ ਐਨਾ ਭਾਰੀ ਪੈ ਜਾਂਦਾ ਹੈ ਕਿ ਤੁਹਾਡੇ ਰਸਤੇ ਭਟਕ ਜਾਂਦੇ ਹਨ। ਦਿੱਲੀ ਦੇ ਨਜਫ਼ਗੜ੍ਹ ਵਿੱਚ ਇੱਕ ਮੁਟਿਆਰ ਸੋਸ਼ਲ ਮੀਡੀਆ ਰੀਲ ਬਣਾਉਣ ਦੀ ਕੋਸ਼ਿਸ਼ ਕਰਨ ਸਮੇਂ ਇੱਕ ਖੁੱਲ੍ਹੇ ਨਾਲੇ ਵਿੱਚ ਜਾ ਡਿੱਗੀ। ਇਸ ਘਟਨਾ ਨੇ ਲੋਕਾਂ ਨੂੰ ਕੰਟੈਂਟ ਬਣਾਉਣ ਅਤੇ ਵਾਇਰਲ ਹੋਣ ਦੀ ਕੋਸ਼ਿਸ਼ ਨਾਲ ਜੁੜੇ ਵਧਦੇ ਖ਼ਤਰਿਆਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

22 ਸਾਲਾ ਲੜਕੀ ਦਾ ਕਹਿਣਾ ਹੈ ਕਿ ਉਹ ਇਲਾਕੇ ਦੀ ਮਾੜੀ ਹਾਲਤ ਬਾਰੇ ਜਾਗਰੂਕਤਾ ਪੈਦਾ ਕਰਨਾ ਲਈ ਇੱਕ ਵੀਡੀਓ ਫਿਲਮਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਭਾਵਨਾ ਅਨੁਸਾਰ ਉਸ ਨੇ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਸਿੱਧੀ ਗਟਰ(ਨਾਲੇ) ਵਿੱਚ ਜਾ ਡਿੱਗੀ। ਘਟਨਾ ਦੌਰਾਨ ਦਿੱਲੀ ਪੁਲੀਸ ਦੀ ਇੱਕ ਗਸ਼ਤ ਵੈਨ ਇਲਾਕੇ ਵਿੱਚੋਂ ਲੰਘ ਰਹੀ ਸੀ, ਜਦੋਂ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਮਦਦ ਲਈ ਚੀਕਾਂ ਸੁਣੀਆਂ ਅਤੇ ਤੁਰੰਤ ਕਾਰਵਾਈ ਕੀਤੀ। ਦਿੱਲੀ ਪੁਲੀਸ ਦੁਆਰਾ ਬਾਅਦ ਵਿੱਚ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਇੱਕ ਅਧਿਕਾਰੀ ਨਾਲੇ ਵਿੱਚ ਰੱਸੀ ਸੁੱਟਦਾ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢਦਾ ਦਿਖਾਈ ਦੇ ਰਿਹਾ ਹੈ।

ਪੁਲੀਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਘਟਨਾ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ “ਲੋਕਪ੍ਰਿਅਤਾ ਹਾਸਲ ਕਰਨ ਦੀ ਦੌੜ ਵਿੱਚ ਆਪਣੀ ਜਾਨ ਨੂੰ ਜੋਖਮ ਵਿੱਚ ਨਾ ਪਾਓ।” ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹਾਲਾਂਕਿ ਪੁਲੀਸ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਰ ਹਰ ਵਾਰ ਅਜਿਹੀ ਕਿਸਮਤ ਸਾਥ ਨਹੀਂ ਦਿੰਦੀ।

ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ, ਉੱਚੀਆਂ ਇਮਾਰਤਾਂ ਜਾਂ ਖ਼ਤਰਨਾਕ ਥਾਵਾਂ ‘ਤੇ ਵੀਡੀਓ ਬਣਾਉਣ ਤੋਂ ਗੁਰੇਜ਼ ਕਰਨ ਅਤੇ ਕਾਨੂੰਨ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਇਸ ਤੋਂ ਇਲਾਵਾ ਪੁਲੀਸ ਨੇ ਕਿਹਾ ਹੈ ਕਿ ਜਨਤਕ ਥਾਵਾਂ ‘ਤੇ ਦੂਜਿਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਕੰਟੈਂਟ ਕ੍ਰਿਏਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਸਬੰਧੀ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆਈਆਂ, ਇੱਕ ਟਿੱਪਣੀ ਵਿੱਚ ਲਿਖਿਆ ਸੀ, “ਟਰੈਂਡਿੰਗ ਡਾਂਸ ਤੋਂ ਟਰੈਂਡਿੰਗ ਡਰੇਨ ਡਾਈਵ ਤੱਕ – ਸਬਕ ਮਿਲ ਗਿਆ? ਤੁਰੰਤ ਕਾਰਵਾਈ ਕਰਨ ਵਾਲੇ ਨਾਇਕਾਂ ਨੂੰ ਸਲਾਮ।”

ਇੱਕ ਹੋਰ ਉਪਭੋਗਤਾ ਨੇ ਹਿੰਦੀ ਵਿੱਚ ਲਿਖਿਆ, “ਰੀਲਾਂ ਦੇ ਚੱਕਰ ਵਿੱਚ ਲੋਕਾਂ ਨੇ ਜਾਨਾਂ ਗੁਆ ਦਿੱਤੀਆਂ ਹਨ, ਜ਼ਿੰਦਗੀ ਨੂੰ ਇੰਨਾ ਹਲਕੇ ਵਿੱਚ ਨਾ ਲਓ।” ਇੱਕ ਤੀਜੇ ਨੇ ਕਿਹਾ, “ਲੱਗਦਾ ਹੈ ਉਸਨੂੰ ਉਹ ਮਿਲ ਗਿਆ ਜੋ ਉਹ ਚਾਹੁੰਦੀ ਸੀ। ਮਿਸ਼ਨ ਸਫਲ।”

Share: