ਕਾਰ ਨੂੰ ਅੱਗ ਲੱਗਣ ਕਾਰਨ ਨੌਜਵਾਨ ਜ਼ਿੰਦਾ ਸੜਿਆ

ਜਗਰਾਉਂ: ਇੱਥੇ ਡੱਲਾ ਰੋਡ ’ਤੇ ਬੀਤੀ ਰਾਤ ਸੜਕ ਹਾਦਸਾ ਵਾਪਰ ਗਿਆ। ਇਸ ਕਾਰਨ ਇੱਕ ਕਾਰ ਨੂੰ ਅੱਗ ਲੱਗ ਗਈ ਜਿਸ ਕਾਰਨ ਨੌਜਵਾਨ ਚਾਲਕ ਦੀ ਕਾਰ ਵਿੱਚ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਸ ਸਬੰਧੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ (38) ਵਾਸੀ ਪਿੰਡ ਚਕਰ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਜਗਰਾਉਂ ਦੇ ਅਮਰ ਕੰਪਿਊਟਰ ਸੈਂਟਰ ’ਤੇ ਬਤੌਰ ਕੈਮਰਾਮੈਨ ਕੰਮ ਕਰਦਾ ਸੀ। ਬੀਤੀ ਰਾਤ ਕਰੀਬ ਡੇਢ ਵਜੇ ਉਹ ਕੰਮ ਨਿਬੇੜ ਕੇ ਮਾਲਕਾਂ ਦੀ ਕਾਰ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਸੇਮ ਨਾਲੇ ਨੇੜੇ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਦਰੱਖਤ ਨਾਲ ਟਰਕਾ ਗਈ। ਇਸ ਮਗਰੋਂ ਕਾਰ ਨੂੰ ਅਚਾਨਕ ਅੱਗ ਲੱਗ ਗਈ। ਗੁਰਪ੍ਰੀਤ ਸਿੰਘ ਆਪਣੇ ਆਪ ਨੂੰ ਬਚਾ ਨਾ ਸਕਿਆ ਤੇ ਕਾਰ ਵਿੱਚ ਹੀ ਜ਼ਿੰਦਾ ਸੜ ਗਿਆ। ਪੁਲੀਸ ਨੇ ਗੁਰਪ੍ਰੀਤ ਸਿੰਘ ਦੇ ਪਿਤਾ ਬਲਬੀਰ ਸਿੰਘ ਦੇ ਬਿਆਨਾਂ ’ਤੇ ਥਾਣਾ ਸ਼ਹਿਰੀ ਵਿੱਚ ਕੇਸ ਦਰਜ ਕਰ ਲਿਆ ਹੈ।

Share: