ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਅੱਜ ਰਾਤ ਤੋਂ ਬਦਲ ਜਾਵੇਗਾ। ਅਗਲੇ ਦੋ ਦਿਨਾਂ 17 ਅਤੇ 18 ਫਰਵਰੀ ਨੂੰ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਫਰਵਰੀ ਦੇ ਅੱਧ ਵਿਚ ਉੱਤਰੀ ਭਾਰਤ ਦਾ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਪਹਾੜਾਂ ਵਿਚ ਇੱਕ ਨਵੀਂ ਪੱਛਮੀ ਗੜਬੜੀ (Western Disturbence) ਮੁੜ ਸਰਗਰਮ ਹੋ ਗਈ ਹੈ।
ਇਸ ਪੱਛਮੀ ਗੜਬੜੀ ਕਾਰਨ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ ਅਤੇ ਉੱਚ ਪਹਾੜੀ ਖੇਤਰਾਂ ਵਿਚ ਬਰਫ਼ਬਾਰੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ (IMD) ਅਨੁਸਾਰ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ਵਿੱਚ ਮੌਸਮ ਖਰਾਬ ਹੋ ਸਕਦਾ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ਤੱਕ ਵੀ ਪੁੱਜਣ ਦੀ ਸੰਭਾਵਨਾ ਹੈ। IMD ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਦਿਨਾਂ ਵਿਚ ਮੌਸਮ ਅਚਾਨਕ ਬਦਲ ਸਕਦਾ ਹੈ। ਬੰਗਾਲ ਦੀ ਖਾੜੀ ਵਿੱਚ ਦਬਾਅ ਕਾਰਨ ਇਸ ਦਾ ਪ੍ਰਭਾਵ ਦੱਖਣੀ ਭਾਰਤ ਵਿਚ ਵੀ ਮਹਿਸੂਸ ਕੀਤਾ ਜਾਵੇਗਾ। ਇਸ ਦੌਰਾਨ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਦੇ ਪ੍ਰਭਾਵ ਨਾਲ ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਹੋ ਸਕਦੀ ਹੈ। ਇਸ ਨਾਲ ਮੈਦਾਨੀ ਇਲਾਕਿਆਂ ਵਿੱਚ ਠੰਢੀਆਂ ਹਵਾਵਾਂ ਚਲ ਸਕਦੀਆਂ ਹਨ। ਕਈ ਸੂਬਿਆਂ ਵਿੱਚ ਮੀਂਹ ਅਤੇ ਗਰਜ-ਤੂਫ਼ਾਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਜਾਰੀ ਰਹੇਗਾ। ਸਵੇਰ ਤੇ ਸ਼ਾਮ ਵੇਲੇ ਠੰਢਾ ਮੌਸਮ ਰਹੇਗਾ ਜਦੋਂ ਕਿ ਦਿਨ ਵੇਲੇ ਹਲਕੀ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ।

