ਮਾਨਸਾ: ਅੱਧੀ ਰਾਤ ਤੋਂ ਬਾਅਦ ਅਚਾਨਕ ਮੌਸਮ ਵਿੱਚ ਤਬਦੀਲੀ ਹੋਣ ਕਾਰਨ ਮਾਨਸਾ ਇਲਾਕੇ ਵਿੱਚ ਦਿਨ ਚੜ੍ਹਦਿਆਂ ਹੀ ਹਲਕੀਆਂ ਕਣੀਆਂ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਮੌਸਮ ਦੇ ਮਿਜਾਜ਼ ਕਾਰਨ ਕਈ ਦਿਨਾਂ ਤੋਂ ਦਿਨ ਵੇਲੇ ਪੈਣ ਲੱਗੀ ਗਰਮੀ ਦੇ ਮੁੜ ਠੰਡ ਵਿੱਚ ਬਦਲਣ ਦੀ ਉਮੀਦ ਬਣ ਗਈ ਹੈ।
ਮੌਸਮ ਵਿਗਿਆਨੀਆਂ ਨੇ ਇਨ੍ਹਾਂ ਕਣੀਆਂ ਨੂੰ ਫਸਲਾਂ ਲਈ ਚੰਗਾ ਅਤੇ ਤੇਜ਼ ਹਵਾਵਾਂ ਤੇ ਝੱਖੜ ਨੂੰ ਪੱਕਣ ਵੱਲ ਵਧ ਰਹੀਆਂ ਹਾੜ੍ਹੀ ਦੀਆਂ ਫ਼ਸਲਾਂ ਲਈ ਕੁਝ ਹੱਦ ਤੱਕ ਖ਼ਤਰੇ ਦੀ ਘੰਟੀ ਕਰਾਰ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਸੇਵਾ ਮੁਕਤ ਵਿਗਿਆਨੀ ਡਾ ਜੀ ਐੱਸ ਰੋਮਾਣਾ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਲਈ ਮਾਨਸਾ, ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਹਲਕੀਆਂ ਅਤੇ ਦਰਮਿਆਨੀਆਂ ਕਣੀਆਂ, ਬੱਦਲਵਾਈ ਸਮੇਤ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਸਾਨਾਂ ਨੂੰ ਸਾਰੀਆਂ ਹੀ ਫਸਲਾਂ ਲਈ ਦੋ ਤਿੰਨ ਦਿਨ ਪਾਣੀ ਨਾ ਦੇਣ ਦੀ ਸਲਾਹ ਦਿੱਤੀ ਹੈ।

