ਭਾਰਤ ਖ਼ਿਲਾਫ਼ ਵੱਖਰੀ ਮਾਨਸਿਕਤਾ ਨਾਲ ਉਤਰਾਂਗੇ: ਫ਼ਰਹਾਨ

ਭਾਰਤ ਖ਼ਿਲਾਫ਼ ਵੱਖਰੀ ਮਾਨਸਿਕਤਾ ਨਾਲ ਉਤਰਾਂਗੇ: ਫ਼ਰਹਾਨ

ਕੋਲੰਬੋ: ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫ਼ਰਹਾਨ ਨੇ ਭਾਰਤ ਖ਼ਿਲਾਫ਼ ਐਤਵਾਰ ਨੂੰ ਇੱਥੇ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਨੂੰ ਆਮ ਮੈਚ ਕਰਾਰ ਦਿੰਦਿਆਂ ਕਿਹਾ ਕਿ ਇਸ ਵਾਰ ਉਸ ਦੀ ਟੀਮ ਇਸ ਮੁਕਾਬਲੇ ਵਿੱਚ ਵੱਖਰੀ ਮਾਨਸਿਕਤਾ ਨਾਲ ਉਤਰੇਗੀ। ਪਾਕਿਸਤਾਨ ਦੀ ਟੀਮ ਨੈਦਰਲੈਂਡਜ਼ ਅਤੇ ਅਮਰੀਕਾ ਨੂੰ ਹਰਾਉਣ ਮਗਰੋਂ ਗਰੁੱਪ ‘ਏ’ ਵਿੱਚ ਸਿਖ਼ਰ ’ਤੇ ਕਾਬਜ਼ ਹੋ ਗਈ ਹੈ। ਨੈਦਰਲੈਂਡਜ਼ ਨੂੰ ਹਰਾਉਣ ਵਿੱਚ ਉਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ ਪਰ ਅਮਰੀਕਾ ਨੂੰ ਉਸ ਨੇ ਆਸਾਨੀ ਨਾਲ 32 ਦੌੜਾਂ ਨਾਲ ਹਰਾਇਆ। ਇਸ ਦੌਰਾਨ ਫ਼ਰਹਾਨ ਨੇ 41 ਗੇਂਦਾਂ ਵਿੱਚ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮੈਚ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਫ਼ਰਹਾਨ ਤੋਂ ਭਾਰਤ ਖ਼ਿਲਾਫ਼ ਹੋਣ ਵਾਲੇ ਮੈਚ ਬਾਰੇ ਪੁੱਛਿਆ ਗਿਆ, ਜੋ ਪਾਕਿਸਤਾਨ ਸਰਕਾਰ ਵੱਲੋਂ ਬਾਈਕਾਟ ਦੀ ਅਪੀਲ ਵਾਪਸ ਲੈਣ ਮਗਰੋਂ ਆਪਣੇ ਤੈਅ ਪ੍ਰੋਗਰਾਮ ਅਨੁਸਾਰ 15 ਫਰਵਰੀ ਨੂੰ ਖੇਡਿਆ ਜਾਵੇਗਾ। ਫ਼ਰਹਾਨ ਨੇ ਕਿਹਾ, ‘‘ਲਗਾਤਾਰ ਦੋ ਮੈਚ ਜਿੱਤਣ ਅਤੇ ਅੰਕ ਸੂਚੀ ਵਿੱਚ ਸਿਖ਼ਰ ’ਤੇ ਕਾਬਜ਼ ਹੋਣ ਨਾਲ ਆਤਮਵਿਸ਼ਵਾਸ ਮਿਲਦਾ ਹੈ। ਅਗਲਾ ਮੈਚ ਵੀ ਆਮ ਮੈਚ ਵਾਂਗ ਹੀ ਹੋਵੇਗਾ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਅਸੀਂ ਉਸ ਦੇ ਖ਼ਿਲਾਫ਼ ਖੇਡਾਂਗੇ। ਅਸੀਂ ਪਹਿਲਾਂ ਵੀ ਉਸ ਖ਼ਿਲਾਫ਼ ਖੇਡ ਚੁੱਕੇ ਹਾਂ ਪਰ ਇਸ ਵਾਰ ਮਾਨਸਿਕਤਾ ਵੱਖਰੀ ਹੋਵੇਗੀ। ਇਹ ਸਾਧਾਰਨ ਮੈਚ ਹੋਵੇਗਾ ਅਤੇ ਅਸੀਂ ਇਸ ਨੂੰ ਹੋਰ ਮੈਚ ਦੀ ਤਰ੍ਹਾਂ ਹੀ ਲਵਾਂਗੇ।’’

Share: