ਅਮਰੀਕੀ ਹਮਲਾ ਖੇਤਰੀ ਜੰਗ ਭੜਕਾਏਗਾ: ਖਮੇਨੀ

ਅਮਰੀਕੀ ਹਮਲਾ ਖੇਤਰੀ ਜੰਗ ਭੜਕਾਏਗਾ: ਖਮੇਨੀ

ਦੁਬਈ: ਇਰਾਨ ਦੇ ਸੁਪਰੀਮ ਆਗੂ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਵੱਲੋਂ ਕੀਤਾ ਗਿਆ ਕੋਈ ਵੀ ਹਮਲਾ ਮੱਧ ਪੂਰਬ ਵਿੱਚ ਖੇਤਰੀ ਜੰਗ ਭੜਕਾਏਗਾ। ਇਹ ਬਿਆਨ ਉਦੋਂ ਆਇਆ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸਲਾਮਿਕ ਗਣਰਾਜ ’ਤੇ ਫੌਜੀ ਹਮਲੇ ਦੀਆਂ ਧਮਕੀਆਂ ਕਾਰਨ ਤਣਾਅ ਲਗਾਤਾਰ ਵਧ ਰਿਹਾ ਹੈ। 86 ਸਾਲਾ ਅਇਤੁੱਲਾ ਅਲੀ ਖਮੇਨੀ ਨੇ ਇਹ ਚਿਤਾਵਨੀ ਉਸ ਸਮੇਂ ਦਿੱਤੀ ਹੈ, ਜਦੋਂ ਜਹਾਜ਼ਾਂ ਦੀ ਢੋਆ-ਢੁਆਈ ਵਾਲੇ ਅਮਰੀਕੀ ਸਮੁੰਦਰੀ ਜਹਾਜ਼ ‘ਯੂ ਐੱਸ ਐੱਸ ਅਬਰਾਹਮ ਲਿੰਕਨ’ ਅਤੇ ਉਸ ਦੇ ਸਹਾਇਕ ਜੰਗੀ ਜਹਾਜ਼ ਅਰਬ ਸਾਗਰ ਵਿੱਚ ਮੌਜੂਦ ਹਨ।

ਦੂਜੇ ਪਾਸੇ, ਅਇਤੁੱਲਾ ਅਲੀ ਖਮੇਨੀ ਨੇ ਦੇਸ਼ਵਿਆਪੀ ਪ੍ਰਦਰਸ਼ਨਾਂ ਨੂੰ ਬਗ਼ਾਵਤ ਕਰਾਰ ਦਿੱਤਾ ਹੈ। ਇਸ ਨਾਲ ਸਰਕਾਰ ਦਾ ਰੁਖ਼ ਹੋਰ ਸਖ਼ਤ ਹੋ ਗਿਆ ਹੈ। ਇਸੇ ਦੌਰਾਨ ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਕਲੀਬਾਫ ਨੇ ਕਿਹਾ ਕਿ ਇਸਲਾਮਿਕ ਗਣਰਾਜ ਹੁਣ ਯੂਰੋਪੀਅਨ ਯੂਨੀਅਨ ਦੀਆਂ ਸਾਰੀਆਂ ਫੌਜਾਂ ਨੂੰ ਅਤਿਵਾਦੀ ਜਥੇਬੰਦੀ ਮੰਨਦਾ ਹੈ। ਉਨ੍ਹਾਂ ਦੀ ਇਹ ਟਿੱਪਣੀ ਪਿਛਲੇ ਹਫ਼ਤੇ ਯੂਰੋਪੀਅਨ ਯੂਨੀਅਨ ਵੱਲੋਂ ਕੀਤੇ ਗਏ ਸਮਝੌਤੇ ਤੋਂ ਬਾਅਦ ਆਈ ਹੈ, ਜਿਸ ਤਹਿਤ ਯੂਰੋਪੀਅਨ ਯੂਨੀਅਨ ਨੇ ਇਰਾਨ ਦੇ ਨੀਮ ਫੌਜ ਬਲ ਰੈਵੋਲਿਊਸ਼ਨਰੀ ਗਾਰਡ ਨੂੰ ਅਤਿਵਾਦੀ ਜਥੇਬੰਦੀ ਵਜੋਂ ਸੂਚੀਬੱਧ ਕਰਨ ਦਾ ਫੈਸਲਾ ਕੀਤਾ ਸੀ।

ਇਰਾਨ ਦੇ ਬੰਦਰਗਾਹ ਵਾਲੇ ਸ਼ਹਿਰ ਵਿੱਚ ਧਮਾਕਾ, ਇਕ ਹਲਾਕ

ਇਰਾਨ ਦੇ ਬੰਦਰਗਾਹ ਵਾਲੇ ਸ਼ਹਿਰ ਬੰਦਰ ਅੱਬਾਸ ਵਿੱਚ ਸ਼ਨਿਰਵਾਰ ਨੂੰ ਇੱਕ ਇਮਾਰਤ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ ਚਾਰ ਸਾਲ ਦੀ ਬੱਚੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਧਮਾਕੇ ਵਿੱਚ ਘੱਟੋ-ਘੱਟ 14 ਹੋਰ ਲੋਕ ਜ਼ਖ਼ਮੀ ਹੋਏ ਹਨ।
Share: