ਸੰਸਦ ’ਚ ਹੰਗਾਮਾ; ਕਾਰਵਾਈ ਦੋ ਵਜੇ ਤਕ ਮੁਲਤਵੀ; Lok Sabha ਸਪੀਕਰ ਵਿਰੁੱਧ ਅਵਿਸ਼ਵਾਸ ਮਤਾ ਲਿਆਏਗੀ ਕਾਂਗਰਸ

ਸੰਸਦ ’ਚ ਹੰਗਾਮਾ; ਕਾਰਵਾਈ ਦੋ ਵਜੇ ਤਕ ਮੁਲਤਵੀ; Lok Sabha ਸਪੀਕਰ ਵਿਰੁੱਧ ਅਵਿਸ਼ਵਾਸ ਮਤਾ ਲਿਆਏਗੀ ਕਾਂਗਰਸ

ਨਵੀਂ ਦਿੱਲੀ: ਬਜਟ ਸੈਸ਼ਨ ਦੇ 10ਵੇਂ ਦਿਨ ਮੰਗਲਵਾਰ ਨੂੰ ਲੋਕ ਸਭਾ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ, ਜਿਸ ਕਾਰਨ ਪ੍ਰਸ਼ਨ ਕਾਲ ਦੀ ਕਾਰਵਾਈ ਨਹੀਂ ਹੋ ਸਕੀ। ਸਵੇਰੇ 11 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਧਿਰ ਨੇ ਵੱਖ-ਵੱਖ ਮੁੱਦਿਆਂ ’ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਚਰਚਾ ਨਾ ਹੋਣ ਕਾਰਨ ਪੀ.ਸੀ. ਮੋਹਨ ਨੇ ਮਹਿਜ਼ ਇੱਕ ਮਿੰਟ ਬਾਅਦ ਹੀ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਜਦੋਂ 12 ਵਜੇ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵੀ ਵਿਰੋਧੀ ਸੰਸਦ ਮੈਂਬਰਾਂ ਨੇ ਵੁਈ ਵਾਂਟ ਜਸਟਿਸ ਦੇ ਨਾਅਰੇ ਲਗਾਉਂਦੇ ਹੋਏ ਹੰਗਾਮਾ ਜਾਰੀ ਰੱਖਿਆ। ਸਦਨ ਵਿਚ ਵਿਰੋਧੀ ਧਿਰਾਂ ਨੇ ਮੁੜ ਨਾਅਰੇਬਾਜ਼ੀ ਕੀਤੀ ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦੋ ਵਜੇ ਤਕ ਮੁਲਤਵੀ ਕਰ ਦਿੱਤੀ ਗਈ।

ਇਸ ਦੌਰਾਨ ਪਤਾ ਲੱਗਿਆ ਹੈ ਕਿ ਕਾਂਗਰਸ ਪਾਰਟੀ ਲੋਕ ਸਭਾ ਸਪੀਕਰ ਓਮ ਬਿਰਲਾ ਖ਼ਿਲਾਫ਼ ਅਵਿਸ਼ਵਾਸ ਮਤਾ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਜਲਦ ਹੀ ਇਸ ਸਬੰਧੀ ਲੋਕ ਸਭਾ ਦੇ ਸਕੱਤਰ ਜਨਰਲ ਨੂੰ ਨੋਟਿਸ ਭੇਜੇਗੀ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਦਨ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ।

ਸਦਨ ਦੇ ਬਾਹਰ ਵੀ ਸਿਆਸੀ ਪਾਰਾ ਵਧਿਆ। ਸਾਬਕਾ ਫੌਜ ਮੁਖੀ ਜਨਰਲ ਨਰਵਣੇ ਦੀ ਕਿਤਾਬ ਨਾਲ ਜੁੜੇ ਵਿਵਾਦ ’ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਾਂ ਤਾਂ ਸਾਬਕਾ ਫੌਜ ਮੁਖੀ ਝੂਠ ਬੋਲ ਰਹੇ ਹਨ ਜਾਂ ਫਿਰ ਸਰਕਾਰ ਪਰ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਜਨਰਲ ਨਰਵਣੇ ਕਦੇ ਝੂਠ ਨਹੀਂ ਬੋਲਣਗੇ। ਇਸ ਬਿਆਨ ਨੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਚੱਲ ਰਹੀ ਖਿੱਚੋਤਾਣ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਕਾਰਨ ਬਜਟ ਸੈਸ਼ਨ ਦੇ ਆਉਣ ਵਾਲੇ ਦਿਨਾਂ ਵਿੱਚ ਵੀ ਭਾਰੀ ਹੰਗਾਮੇ ਦੇ ਆਸਾਰ ਹਨ।

Share: