ਗੁਰਦਾਸਪੁਰ: ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਦੀਆਂ ਚੈੱਕ ਪੋਸਟ ’ਤੇ ਤਾਇਨਾਤ ਦੋ ਪੁਲੀਸ ਕਰਮੀਆਂ ਦੀਆਂ ਲਾਸ਼ਾਂ ਭੇਤ-ਭਰੀ ਹਾਲਤ ਵਿੱਚ ਮਿਲੀਆਂ ਹਨ। ਇਹ ਚੈੱਕ ਪੋਸਟ ਦੋਰਾਂਗਲਾ ਥਾਣੇ ਅਧੀਨ ਆਉਂਦੀ ਹੈ। ਦੋਵਾਂ ਪੁਲੀਸ ਕਰਮੀਆਂ ਦੇ ਸਰੀਰ ’ਤੇ ਗੋਲੀਆਂ ਲੱਗੀਆਂ ਸਨ। ਇਨ੍ਹਾਂ ਦੀ ਪਛਾਣ ਸਹਾਇਕ ਸਬ-ਇੰਸਪੈਕਟਰ ਕਮਾਂਡੋ ਗੁਰਨਾਮ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੋਵਾਂ ਦੀਆਂ ਲਾਸ਼ਾਂ ਚੈੱਕ ਪੋਸਟ ਦੇ ਅੰਦਰੋਂ ਮਿਲੀਆਂ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸ਼ਨਿੱਚਰਵਾਰ-ਐਤਵਾਰ ਰਾਤ ਦੀ ਹੈ। ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਅਤੇ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੌਕੇ ’ਤੇ ਚਰਚਾ ਛਿੜੀ ਸੀ ਕਿ ਦੋਵਾਂ ਨੇ ਕਿਸੇ ਝਗੜੇ ਕਾਰਨ ਇੱਕ-ਦੂਜੇ ’ਤੇ ਗੋਲੀਆਂ ਚਲਾਈਆਂ ਪਰ ਦੋਵਾਂ ਪੁਲੀਸ ਕਰਮੀਆਂ ਦੇ ਪਰਿਵਾਰਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ। ਦੋਵਾਂ ਦੇ ਪਰਿਵਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲੀਸ ਕਰਮੀਆਂ ਦੇ ਹਥਿਆਰਾਂ ਵਿੱਚ ਪੂਰੀਆਂ ਗੋਲੀਆਂ ਸਨ ਅਤੇ ਜਿਸ ਹਾਲਤ ’ਚ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਸ ਤੋਂ ਜਾਪਦਾ ਹੈ ਕਿ ਜਦੋਂ ਦੋਵੇਂ ਸੌ ਰਹੇ ਸਨ, ਉਦੋਂ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ। ਗੁਰਨਾਮ ਸਿੰਘ ਦੇ ਪੁੱਤਰ ਸੰਦੀਪ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਦੇ ਪੁੱਤਰ ਸੰਦੀਪ ਕੁਮਾਰ ਨੇ ਦੱਸਿਆ ਕਿ ਦੋਵੇਂ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਤਨਦੇਹੀ ਨਾਲ ਨਾਕੇ ’ਤੇ ਡਿਊਟੀ ਦਿੰਦੇ ਸਨ। ਜ਼ਾਹਿਰ ਹੈ ਕਿ ਉਨ੍ਹਾਂ ਦਾ ਕਤਲ ਹੋਇਆ ਹੈ।
ਪਿੰਡ ਆਦੀਆਂ ਦੇ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਥਾਣਾ ਮੁਖੀ ਬਨਾਰਸੀ ਦਾਸ ਦਾ ਫੋਨ ਆਇਆ ਕਿ ਚੈੱਕ ਪੋਸਟ ’ਤੇ ਦੋਵੇਂ ਪੁਲੀਸ ਕਰਮੀ ਫੋਨ ਨਹੀਂ ਚੁੱਕ ਰਹੇ। ਉਨ੍ਹਾਂ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਦੋਵੇਂ ਖ਼ੂਨ ਨਾਲ ਲਥਪਥ ਸਨ। ਇੱਕ ਦੀ ਲਾਸ਼ ਕੁਰਸੀ ’ਤੇ ਪਈ ਸੀ, ਦੂਜਾ ਬੈਂਚ ’ਤੇ ਲੇਟਿਆ ਹੋਇਆ ਸੀ।
ਤਹਿਰੀਕ-ਏ-ਹਿੰਦੋਸਤਾਨ ਨੇ ਜ਼ਿੰਮੇਵਾਰੀ ਲਈ
ਤਹਿਰੀਕ-ਏ-ਹਿੰਦੋਸਤਾਨ ਜਥੇਬੰਦੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੋਵੇਂ ਪੁਲੀਸ ਮੁਲਾਜ਼ਮਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ; ਹਾਲਾਂਕਿ ਪੁਲੀਸ ਨੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ। ਡੀ ਆਈ ਜੀ (ਸਰਹੱਦ) ਸੰਦੀਪ ਗੋਇਲ, ਗੁਰਦਾਸਪੁਰ ਦੇ ਐੱਸ ਐੱਸ ਪੀ ਆਦਿਤਿਆ ਅਤੇ ਦੀਨਾਨਗਰ ਡੀ ਐੱਸ ਪੀ ਰਾਜਿੰਦਰ ਮਨਹਾਸ ਨੇ ਮੌਕੇ ਦਾ ਦੌਰਾ ਕੀਤਾ। ਐੱਸ ਐੱਸ ਪੀ ਨੇ ਪੁਸ਼ਟੀ ਕੀਤੀ ਕਿ ਦੋਵਾਂ ਦੀ ਮੌਤ ਗੋਲੀਆਂ ਲੱਗਣ ਕਾਰਨ ਹੋਈ ਹੈ ਪਰ ਉਨ੍ਹਾਂ ਹੋਰ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਪੜਤਾਲ ਲਈ ਦੇਰ ਸ਼ਾਮ ਡੀ ਜੀ ਪੀ ਗੌਰਵ ਯਾਦਵ ਵੀ ਗੁਰਦਾਸਪੁਰ ਪਹੁੰਚੇ।