ਵਪਾਰ ਸਮਝੌਤੇ ’ਤੇ ਅੱਧ ਮਾਰਚ ਤੱਕ ਸਹੀ ਪੈਣ ਦੇ ਆਸਾਰ: ਗੋਇਲ

ਵਪਾਰ ਸਮਝੌਤੇ ’ਤੇ ਅੱਧ ਮਾਰਚ ਤੱਕ ਸਹੀ ਪੈਣ ਦੇ ਆਸਾਰ: ਗੋਇਲ

ਨਵੀਂ ਦਿੱਲੀ: ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਅਤੇ ਅਮਰੀਕਾ ਵੱਲੋਂ ਮਾਰਚ ਦੇ ਅੱਧ ਤੱਕ ਕਾਫੀ ਸਮੇਂ ਤੋਂ ਉਡੀਕੇ ਜਾ ਰਹੇ ਦੁਵੱਲੇ ਵਪਾਰਕ ਸਮਝੌਤੇ ਦੇ ਪਹਿਲੇ ਹਿੱਸੇ ’ਤੇ ਦਸਤਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਨਾਲ ਵਾਸ਼ਿੰਗਟਨ ਭਾਰਤੀ ਵਸਤਾਂ ’ਤੇ ਲੱਗਣ ਵਾਲਾ ਦਰਾਮਦ ਟੈਕਸ ਘਟਾ ਦੇਵੇਗਾ। ਇਸ ਸਮਝੌਤੇ ’ਤੇ ਦਸਤਖ਼ਤ ਹੋਣ ਤੋਂ ਬਾਅਦ, ਭਾਰਤ ਵੀ ਅਮਰੀਕਾ ਤੋਂ ਦਰਾਮਦ ਹੋਣ ਵਾਲੀਆਂ ਕੁਝ ਖਾਸ ਵਸਤਾਂ ’ਤੇ ਦਰਾਮਦ ਟੈਕਸ ਘਟਾਉਣਾ ਸ਼ੁਰੂ ਕਰ ਦੇਵੇਗਾ।

ਗੋਇਲ ਨੇ ਇਹ ਵੀ ਦੱਸਿਆ ਕਿ ਦੋਵੇਂ ਦੇਸ਼ ਅਗਲੇ ਚਾਰ-ਪੰਜ ਦਿਨਾਂ ਦੇ ਅੰਦਰ ਇਸ ਸਮਝੌਤੇ ਦੇ ਪਹਿਲੀ ਹਿੱਸੇ ਬਾਰੇ ਇੱਕ ਸਾਂਝੇ ਬਿਆਨ ਨੂੰ ਅੰਤਿਮ ਰੂਪ ਦੇ ਕੇ ਉਸ ’ਤੇ ਦਸਤਖ਼ਤ ਕਰ ਸਕਦੇ ਹਨ ਜਿਸ ਮਗਰੋਂ ਅਮਰੀਕਾ ਵੱਲੋਂ ਲਗਾਇਆ ਗਿਆ ਟੈਰਿਫ ਘੱਟ ਕੇ 18 ਫੀਸਦੀ ਰਹਿ ਜਾਵੇਗਾ। ਦੋਵੇਂ ਦੇਸ਼ਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਸੀ, ਜਿਸ ਤਹਿਤ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੀਆਂ ਭਾਰਤੀ ਵਸਤਾਂ ’ਤੇ ਟੈਰਿਫ 50 ਫੀਸਦ ਤੋਂ ਘਟਾ ਕੇ 18 ਫੀਸਦ ਕਰ ਦਿੱਤਾ ਜਾਵੇਗਾ। ਇਸ ਵੇਲੇ ਭਾਰਤੀ ਵਸਤਾਂ ’ਤੇ 50 ਫੀਸਦ ਟੈਕਸ ਲੱਗਦਾ ਹੈ, ਜਿਸ ਵਿੱਚ 25 ਫੀਸਦ ਜਵਾਬੀ ਟੈਕਸ ਅਤੇ ਰੂਸੀ ਕੱਚਾ ਤੇਲ ਖਰੀਦਣ ਕਾਰਨ ਲਗਾਇਆ ਗਿਆ ਵਾਧੂ 25 ਫੀਸਦ ਟੈਕਸ ਸ਼ਾਮਲ ਹੈ। ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਦੁਵੱਲੇ ਵਪਾਰਕ ਸਮਝੌਤੇ ਦਾ ਪਹਿਲਾ ਹਿੱਸਾ ਲਗਪਗ ਤਿਆਰ ਹੈ। ਰਸਮੀ ਸਮਝੌਤੇ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਡੇਢ ਮਹੀਨਾ ਲੱਗ ਸਕਦਾ ਹੈ। ਆਸ ਹੈ ਕਿ ਮਾਰਚ ਦੇ ਅੱਧ ਤੱਕ ਇਸ ’ਤੇ ਦਸਤਖ਼ਤ ਹੋ ਜਾਣਗੇ।’’ ਗੋਇਲ ਨੇ ਸਪੱਸ਼ਟ ਕੀਤਾ ਕਿ ਇਸ ਸਮਝੌਤੇ ਵਿੱਚ ਨਿਵੇਸ਼ ਦੀ ਕੋਈ ਵਚਨਬੱਧਤਾ ਸ਼ਾਮਲ ਨਹੀਂ ਹੈ।

ਵਪਾਰ ਸਮਝੌਤਾ ਅੰਤਿਮ ਪੜਾਅ ’ਤੇ: ਜੈਸ਼ੰਕਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਇਤਿਹਾਸਕ ਭਾਰਤ-ਅਮਰੀਕਾ ਵਪਾਰਕ ਸਮਝੌਤਾ ਆਪਣੇ ਤਫ਼ਸੀਲੀ ਵੇਰਵਿਆਂ ਦੇ ਅੰਤਿਮ ਪੜਾਅ ’ਤੇ ਹੈ, ਜੋ ਕਿ ਬਹੁਤ ਜਲਦੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਇਹ ਗੱਲ ਆਪਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਗੱਲਬਾਤ ਤੋਂ ਬਾਅਦ ਕਹੀ। ਜੈਸ਼ੰਕਰ ਮਹੱਤਵਪੂਰਨ ਖਣਿਜਾਂ ਬਾਰੇ ਅਮਰੀਕਾ ਦੀ ਅਗਵਾਈ ਵਿੱਚ ਹੋਣ ਵਾਲੀ ਮੰਤਰੀ ਪੱਧਰੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਾਸ਼ਿੰਗਟਨ ਡੀ ਸੀ ਵਿੱਚ ਸਨ। ਜੈਸ਼ੰਕਰ ਨੇ ਵਾਸ਼ਿੰਗਟਨ ਡੀ ਸੀ ਦੇ ਆਪਣੇ ਦੌਰੇ ਨੂੰ ਸਕਾਰਾਤਮਕ ਕਰਾਰ ਦਿੰਦਿਆਂ ਕਿਹਾ ਕਿ ਇਹ ਦੁਵੱਲਾ ਵਪਾਰ ਸਮਝੌਤਾ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰੇਗਾ।

ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ, ‘‘ਇਹ ਇਤਿਹਾਸਕ ਸਮਝੌਤਾ ਸਾਡੇ ਦੁਵੱਲੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਖੋਲ੍ਹਦਾ ਹੈ, ਜਿਸ ਵਿੱਚ ਆਪਸੀ ਰਿਸ਼ਤਿਆਂ ਲਈ ਅਥਾਹ ਸੰਭਾਵਨਾਵਾਂ ਹਨ।’’ ਉਨ੍ਹਾਂ ਦੱਸਿਆ ਕਿ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਵੀ ਸਹਿਯੋਗ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਰਣਨੀਤਕ ਮੁੱਦਿਆਂ, ਰੱਖਿਆ ਅਤੇ ਊਰਜਾ ਦੇ ਖੇਤਰਾਂ ਵਿੱਚ ਵੱਡੀ ਭਾਈਵਾਲੀ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਮਜ਼ਬੂਤ ਰਫ਼ਤਾਰ ਦਿਖਾਈ ਦੇ ਰਹੀ ਹੈ।

Share: