ਵਪਾਰ ਸਮਝੌਤਾ ਅਰਥਚਾਰੇ ਲਈ ਗੰਭੀਰ ਖ਼ਤਰਾ: ਸੀ ਪੀ ਐੱਮ

ਨਵੀਂ ਦਿੱਲੀ: ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਦਾਅਵਾ ਕੀਤਾ ਕਿ ਭਾਰਤ ਨੇ ਦੋਹਾਂ ਦੇਸ਼ਾਂ ਵਿਚਕਾਰ ਹੋਏ ਅੰਤ੍ਰਿਮ ਵਪਾਰ ਸਮਝੌਤੇ ਵਿੱਚ ਅਮਰੀਕਾ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਹਨ। ਪਾਰਟੀ ਅਨੁਸਾਰ ਇਹ ਸਮਝੌਤਾ ਭਾਰਤੀ ਅਰਥਚਾਰੇ, ਖੇਤੀਬਾੜੀ ਅਤੇ ਕੌਮੀ ਪ੍ਰਭੂਸੱਤਾ ਲਈ ਗੰਭੀਰ ਖ਼ਤਰਾ ਹੈ। ਖੱਬੇ ਪੱਖੀ ਪਾਰਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੂੰ ਇਸ ਸਮਝੌਤੇ ’ਤੇ ਅੱਗੇ ਨਹੀਂ ਵਧਣਾ ਚਾਹੀਦਾ ਅਤੇ ਇਸ ਨੂੰ ਪਹਿਲਾਂ ਸੰਸਦ ਵਿੱਚ ਪੇਸ਼ ਕਰਨਾ ਚਾਹੀਦਾ ਹੈ। ਸੀ ਪੀ ਐੱਮ ਨੇ ਵਪਾਰ ਸਮਝੌਤੇ ਦੇ ਵੇਰਵਿਆਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ, ‘‘ਜਨਤਕ ਤੌਰ ’ਤੇ ਉਪਲਬਧ ਅਧੂਰੀ ਜਾਣਕਾਰੀ ਅਨੁਸਾਰ ਵੀ ਭਾਰਤ ਸਰਕਾਰ ਅਮਰੀਕਾ ਤੋਂ ਬਰਾਮਦ ਹੋਣ ਵਾਲੇ ਫਲਾਂ, ਕਪਾਹ, ਮੇਵਿਆਂ, ਸੋਇਆਬੀਨ ਤੇਲ ਅਤੇ ਕੁਝ ਹੋਰ ਖੁਰਾਕੀ ਤੇ ਖੇਤੀਬਾੜੀ ਉਤਪਾਦਾਂ ’ਤੇ ਕੋਈ ਟੈਕਸ ਨਾ ਲਗਾਉਣ ਲਈ ਸਹਿਮਤ ਹੋ ਗਈ ਹੈ।’’ ਪਾਰਟੀ ਅਨੁਸਾਰ ਇਸ ਫੈਸਲੇ ਨਾਲ ਦੇਸ਼ ਭਰ ਦੇ ਲੱਖਾਂ ਸੇਬ ਉਤਪਾਦਕਾਂ, ਕਪਾਹ ਅਤੇ ਸੋਇਆਬੀਨ ਦੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਗੰਭੀਰ ਨੁਕਸਾਨ ਪਹੁੰਚੇਗਾ। ਸੀ ਪੀ ਐੱਮ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਹੋਰ ਰਾਜਾਂ ਦੇ ਸੇਬ ਉਤਪਾਦਕ ਪਹਿਲਾਂ ਹੀ ਨਿਊਜ਼ੀਲੈਂਡ ਵਰਗੇ ਦੇਸ਼ਾਂ ਨਾਲ ਹੋਏ ਪੁਰਾਣੇ ਸਮਝੌਤਿਆਂ ਕਾਰਨ ਮਾਰ ਝੱਲ ਰਹੇ ਹਨ। ਅਮਰੀਕਾ ਨਾਲ ਹੋਇਆ ਇਹ ਨਵਾਂ ਸਮਝੌਤਾ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵੇਗਾ। ਪਾਰਟੀ ਨੇ ਕਪਾਹ ਦੇ ਕਿਸਾਨਾਂ ਦੀ ਹਾਲਤ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ, ‘‘ਕਪਾਹ ਕਾਸ਼ਤਕਾਰ ਜੋ ਪਹਿਲਾਂ ਹੀ ਖੇਤੀ ਲਾਗਤਾਂ ਵਿੱਚ ਵਾਧੇ ਅਤੇ ਡੂੰਘੇ ਹੋ ਰਹੇ ਖੇਤੀਬਾੜੀ ਸੰਕਟ ਦੇ ਬੋਝ ਹੇਠ ਦੱਬੇ ਹੋਏ ਹਨ, ਨੂੰ ਵੀ ਇਸੇ ਤਰ੍ਹਾਂ ਦੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ।’’

Share: