ਚੇਨਈ/ਕੋਲਮ(ਕੇਰਲਾ: ਸੱਤਾਧਾਰੀ ਡੀ ਐੱਮ ਕੇ ਨੇ ਦਾਅਵਾ ਕੀਤਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੇਂਦਰੀ ਬਜਟ ਵਿਚ ਇਕ ਵਾਰ ਫਿਰ ਤਾਮਿਲ ਨਾਡੂ ਦੀ ਝੋਲੀ ਖਾਲੀ ਰੱਖੀ ਹੈ। ਪਾਰਟੀ ਨੇ ਕੇਂਦਰੀ ਬਜਟ ਨੂੰ ‘ਦਿਸ਼ਾਹੀਣ’ ਦੱਸਿਆ। ਉਧਰ ਕੇਰਲਾ ਦੇ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਭਾਰਤੀ ਅਰਥਚਾਰੇ ਵਿਚ ਖੜੋਤ ਦਾ ਸੰਕੇਤ ਹੈ। ਡੀ ਐੱਮ ਕੇ ਦੇ ਤਰਜਮਾਨ ਕੌਂਸਟੈਨਟਾਈਨ ਰਵਿੰਦਰਨ ਨੇ ਕਿਹਾ ਕਿ ਤਾਮਿਲ ਨਾਡੂ, ਜਿੱਥੇ ਇਸ ਸਾਲ ਚੋਣਾਂ ਹੋਣੀਆਂ ਹਨ, ਦੀਆਂ ਬਜਟ ਤੋਂ ਆਸਾਂ ਉਮੀਦਾਂ ਇਕ ਚੀਜ਼ ਹਨ, ਪਰ ਜਦੋਂ ਅਸੀਂ ਬਜਟ ਨੂੰ ਸਮੁੱਚੇ ਤੌਰ ’ਤੇ ਦੇਖਦੇ ਹਾਂ ਤਾਂ ਇਸ ਵਿਚ ਐੱਮ ਐੱਸ ਐੱਮ ਈ’ਜ਼ ਸਣੇ ਕਿਸੇ ਵੀ ਸੈਕਟਰ ਲਈ ਕੁਝ ਨਹੀਂ ਹੈ। ਇਸ ਦਾ ਨਾ ਤਾਂ ਕੋਈ ਨਿਸ਼ਾਨਾ ਜਾਂ ਟੀਚਾ ਹੈ, ਘੱਟ ਸ਼ਬਦਾਂ ਵਿਚ ਕਹਾਂ ਤਾਂ ਇਹ ਦਿਸ਼ਾਹੀਣ ਹੈ।’’ ਉਨ੍ਹਾਂ ਕਿਹਾ, ‘‘ਬਜਟ ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਫ਼ਿਕਰ ਜੁੜਿਆ ਹੈ, ਪਰ ਇਸ ਤੋਂ ਇਹ ਤਾਂ ਸਾਫ਼ ਹੋ ਗਿਆ ਹੈ ਕਿ ਜੇਕਰ ਤਾਮਿਲ ਨਾਡੂ ਵਿਚ ਚੋਣਾਂ ਵੀ ਹੋਣੀਆਂ ਹਨ ਤਾਂ ਕੇਂਦਰ ਸਰਕਾਰ ਇਸ ਦੱਖਣੀ ਰਾਜ ਵੱਲ ਥੋੜ੍ਹਾ ਬਹੁਤਾ ਧਿਆਨ ਵੀ ਨਹੀਂ ਦੇਵੇਗੀ।’’
ਉਧਰ, ਕੇਰਲਾ ਦੇ ਵਿੱਤ ਮੰਤਰੀ ਕੇ ਐੱਨ ਬਾਲਾਗੋਪਾਲ ਨੇ ਕਿਹਾ ਕਿ ਕੇਂਦਰੀ ਬਜਟ ਭਾਰਤੀ ਅਰਥਚਾਰੇ ਵਿੱਚ ਖੜੋਤ ਦਾ ਸੰਕੇਤ ਹੈ, ਜੋ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਫੰਡਾਂ ਦੀ ਘਾਟ ਨਾਲ ਜੂਝ ਰਹੀ ਹੈ। ਬਾਲਾਗੋਪਾਲ ਨੇ ਕਿਹਾ ਕਿ ਟੈਕਸ ਤਜਵੀਜ਼ਾਂ ਘਰੇਲੂ ਅਰਥਚਾਰੇ ਨੂੰ ਮਜ਼ਬੂਤ ਕਰਨ ਦੀ ਥਾਂ ਕੌਮਾਂਤਰੀ ਵਪਾਰ ਸਮਝੌਤਿਆਂ ਨੂੰ ਸੁਖਾਲਾ ਬਣਾਉਣ ਦੀ ਕੋਸ਼ਿਸ਼ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਟੈਕਸ ਸਿਫ਼ਾਰਸ਼ਾਂ ਦੇਸ਼ ਹਿੱਤ ਵਿੱਚ ਨਹੀਂ ਸਗੋਂ ਕੌਮਾਂਤਰੀ ਵਪਾਰ ਸੌਦਿਆਂ ਨੂੰ ਅਨੁਕੂਲ ਬਣਾਉਣ ਲਈ ਕੀਤੀਆਂ ਗਈਆਂ ਸਨ।