ਚੰਡੀਗੜ੍ਹ: ਟੀ-20 ਵਿਸ਼ਵ ਕੱਪ 2026 ਦੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਅਹਿਮ ਮੁਕਾਬਲੇ ਦੌਰਾਨ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਾਕਿਸਤਾਨ ਦੀ ਪਾਰੀ ਦੌਰਾਨ ਜਦੋਂ 12ਵੇਂ ਓਵਰ ਵਿੱਚ ਮੁਹੰਮਦ ਨਵਾਜ਼ ਦੀ ਵਿਕਟ ਡਿੱਗੀ ਅਤੇ ਟੀਮ ਦਾ ਸਕੋਰ 77 ਦੌੜਾਂ ’ਤੇ 5 ਵਿਕਟਾਂ ਹੋ ਗਿਆ ਤਾਂ ਨਕਵੀ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਤੋਂ ਬਾਹਰ ਨਿਕਲਦੇ ਦੇਖੇ ਗਏ। ਪੀ.ਟੀ.ਆਈ. ਦੀਆਂ ਵੀਡੀਓਜ਼ ਵਿੱਚ ਉਹ ਮੈਚ ਚੱਲਦੇ ਸਮੇਂ ਹੀ ਆਪਣੀ ਗੱਡੀ ਵਿੱਚ ਬੈਠ ਕੇ ਜਾਂਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹ ਆਪਣੀ ਟੀਮ ਦੀ ਹਾਰ ਦੇਖਣ ਤੋਂ ਪਹਿਲਾਂ ਹੀ ਮੈਦਾਨ ਛੱਡ ਕੇ ਭੱਜ ਗਏ ਹਨ। 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ 114 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ ਭਾਰਤ ਨੇ 61 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ।
ਮੋਹਸਿਨ ਨਕਵੀ ਜੋ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ, ਨੇ ਹਮੇਸ਼ਾ ਭਾਰਤ ਵਿਰੋਧੀ ਵਤੀਰਾ ਅਪਣਾਇਆ ਹੈ। ਪਿਛਲੇ ਸਾਲ ਏਸ਼ੀਆ ਕੱਪ ਦੌਰਾਨ ਵੀ ਉਸ ਵੇਲੇ ਵਿਵਾਦ ਹੋਇਆ ਸੀ ਜਦੋਂ ਭਾਰਤੀ ਟੀਮ ਨੇ ਉਨ੍ਹਾਂ ਦੇ ਹੱਥੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹ ਟਰਾਫੀ ਲੈ ਕੇ ਮੈਦਾਨ ਤੋਂ ਚਲੇ ਗਏ ਸਨ। ਇਸ ਮੈਚ ਦੌਰਾਨ ਉਮੀਦ ਕੀਤੀ ਜਾ ਰਹੀ ਸੀ ਕਿ ਨਕਵੀ ਭਾਰਤੀ ਕ੍ਰਿਕਟ ਬੋਰਡ ਦੇ ਸਕੱਤਰ ਜੈ ਸ਼ਾਹ ਨਾਲ ਮੁਲਾਕਾਤ ਕਰਨਗੇ ਪਰ ਅਜਿਹੀ ਕੋਈ ਤਸਵੀਰ ਸਾਹਮਣੇ ਨਹੀਂ ਆਈ। ਹਾਲਾਂਕਿ ਉਨ੍ਹਾਂ ਨੇ ਸ੍ਰੀਲੰਕਾ ਕ੍ਰਿਕਟ ਦੇ ਅਧਿਕਾਰੀਆਂ ਨਾਲ ਮੁਲਾਕਾਤ ਜ਼ਰੂਰ ਕੀਤੀ ਪਰ ਆਪਣੀ ਟੀਮ ਦੀ ਮਾੜੀ ਹਾਲਤ ਦੇਖ ਕੇ ਉਹ ਅੱਧ ਵਿਚਾਲੇ ਹੀ ਸਟੇਡੀਅਮ ਛੱਡ ਕੇ ਚਲੇ ਗਏ।

